ਦਿੱਲੀ 'ਚ ਲੱਗਾ ਇਕ ਹਫ਼ਤੇ ਲਈ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ (ਵੀਡੀਓ)

Monday, Apr 19, 2021 - 11:36 AM (IST)

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ 'ਚ ਇਹ ਫ਼ੈਸਲਾ ਹੋਇਆ ਹੈ। ਦਿੱਲੀ 'ਚ ਸੋਮਵਾਰ (ਅੱਜ) ਰਾਤ 10 ਵਜੇ ਤੋਂ ਲੈ ਕੇ 26 ਅਪ੍ਰੈਲ ਦੀ ਸਵੇਰ 5 ਵਜੇ ਤੱਕ ਲਾਕਡਾਊਨ ਲਾਗੂ ਰਹੇਗਾ। ਇਸ ਦੌਰਾਨ ਬਿਨਾਂ ਵਜ੍ਹਾ ਬਾਹਰ ਨਿਕਲਣ 'ਤੇ ਮਨਾਹੀ ਹੋਵੇਗੀ ਅਤੇ ਵੀਕੈਂਡ ਲਾਕਡਾਊਨ ਵਰਗੀਆਂ ਹੀ ਪਾਬੰਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ : ਕੋਰੋਨਾ: ਦਿੱਲੀ ’ਚ ਸਥਿਤੀ ਬੇਹੱਦ ਗੰਭੀਰ, ਕੇਜਰੀਵਾਲ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਮੰਗੀ ਮਦਦ

ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕੀਤਾ ਲਾਕਡਾਊਨ ਦਾ ਐਲਾਨ 
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੱਤੀ ਕਿ ਇਸ ਲੜਾਈ 'ਚ ਜਨਤਾ ਦੀ ਮਦਦ ਜ਼ਰੂਰੀ ਹੈ ਅਸੀਂ ਹਰ ਚੀਜ਼ ਜਨਤਾ ਦੇ ਸਾਹਮਣੇ ਰੱਖੀ ਹੈ। ਦਿੱਲੀ 'ਚ ਅੱਜ ਸਭ ਤੋਂ ਵੱਧ ਟੈਸਟ ਹੋ ਰਹੇ ਹਨ, ਹਰ ਰੋਜ਼ ਟੈਸਟਿੰਗ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ। ਦਿੱਲੀ ਸਰਕਰਾ ਨੇ ਕਿਸੇ ਤੋਂ ਮੌਤ ਦੇ ਅੰਕੜੇ ਵੀ ਨਹੀਂ ਲੁਕਾਏ। ਦਿੱਲੀ 'ਚ ਕਿੰਨੇ ਬੈੱਡ, ਆਈ.ਸੀ.ਯੂ. ਬੈੱਡਜ਼ ਅਤੇ ਹਸਪਤਾਲਾਂ ਦੀ ਕੀ ਹਾਲਤ ਹੈ, ਅਸੀਂ ਜਨਤਾ ਨੂੰ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹਰ ਰੋਜ਼ 25 ਹਜ਼ਾਰ ਦੇ ਕਰੀਬ ਮਾਮਲੇ ਆ ਰਹੇ ਹਨ। ਦਿੱਲੀ 'ਚ ਬੈੱਡਾਂ ਦੀ ਭਾਰੀ ਕਮੀ ਹੋ ਰਹੀ ਹੈ। ਦਿੱਲੀ ਦੇ ਹਸਪਤਾਲਾਂ 'ਚ ਦਵਾਈ ਨਹੀਂ ਹੈ, ਆਕਸੀਜਨ ਨਹੀਂ ਹੈ। ਦਿੱਲੀ ਦਾ ਹੈਲਥ ਸਿਸਟਮ ਹੋਰ ਜ਼ਿਆਦਾ ਮਰੀਜ਼ ਨਹੀਂ ਲੈ ਸਕਦਾ ਹੈ, ਇਸ ਲਈ ਲਾਕਡਾਊਨ ਬਹੁਤ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਲਾਕਡਾਊਨ ਨਾਲ ਕੋਰੋਨਾ ਨਹੀਂ ਜਾਂਦਾ, ਸਿਰਫ਼ ਸਪੀਡ 'ਤੇ ਬਰੇਕ ਲੱਗਦੀ ਹੈ। ਇਹ ਲਾਕਡਾਊਨ ਛੋਟਾ ਹੀ ਰਹੇਗਾ, ਇਸ ਦੌਰਾਨ ਅਸੀਂ ਦਿੱਲੀ 'ਚ ਬੈੱਡਾਂ ਦੀ ਗਿਣਤੀ ਵਧਾਵਾਂਗੇ।

ਲਾਕਡਾਊਨ ਦੌਰਾਨ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਛੋਟ
ਇਕ ਹਫ਼ਤੇ ਦੇ ਲਾਕਡਾਊਨ ਦੌਰਾਨ ਦਿੱਲੀ 'ਚ ਸਖ਼ਤੀ ਰਹੇਗੀ। ਬਿਨਾਂ ਕਾਰਨ ਦਿੱਲੀ 'ਚ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ। ਸਿਰਫ਼ ਜ਼ਰੂਰੀ ਖੇਤਰ ਨਾਲ ਜੁੜੇ ਲੋਕ ਬਾਹਰ ਆ ਸਕਣਗੇ। ਦਿੱਲੀ 'ਚ ਸਾਰੇ ਪ੍ਰਾਈਵੇਟ ਦਫ਼ਤਰਾਂ ਨੂੰ ਵਰਕ ਫਰਾਮ ਹੋਮ ਹੀ ਕਰਨਾ ਹੋਵੇਗਾ, ਸਰਕਾਰੀ ਦਫ਼ਤਰ 'ਚ ਅੱਧੇ ਹੀ ਕਾਮੇ ਆ ਸਕਣਗੇ। ਹਸਪਤਾਲ ਜਾਣ ਵਾਲੇ, ਮੈਡੀਕਲ ਸਟੋਰ ਜਾਣ ਵਾਲੇ, ਵੈਕਸੀਨ ਲਗਵਾਉਣ ਜਾਣ ਵਾਲੇ ਲੋਕਾਂ ਨੂੰ ਲਾਕਡਾਊਨ 'ਚ ਛੋਟ ਮਿਲੇਗੀ, ਰੇਲਵੇ ਸਟੇਸ਼ਨ, ਏਅਰਪੋਰਟ, ਬੱਸ ਸਟੇਸ਼ਨ ਜਾਣ ਵਾਲੇ ਲੋਕਾਂ ਨੂੰ ਵੀ ਛੋਟ ਮਿਲਦੀ ਰਹੇਗੀ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ

ਨੋਟ : ਕੇਜਰੀਵਾਲ ਵਲੋਂ ਦਿੱਲੀ 'ਚ ਲਾਕਡਾਊਨ ਲਗਾਉਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News