ਦਿੱਲੀ ਸਰਕਾਰ ਦਾ ਆਦੇਸ਼- ਘਰ ਜਾ ਸਕਣਗੇ ਤਬਲੀਗੀ ਜਮਾਤ ਦੇ 2,446 ਮੈਂਬਰ

05/10/2020 12:15:00 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਤਬਲੀਗੀ ਜਮਾਤ ਦੇ ਜਿਨ੍ਹਾਂ ਲੋਕਾਂ ਨੂੰ ਵੱਖ-ਵੱਖ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਗਿਆ ਸੀ, ਹੁਣ ਉਨ੍ਹਾਂ ਨੂੰ ਛੱਡਿਆ ਜਾਵੇਗਾ। ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਤਬਲੀਗੀ ਜਮਾਤ ਦੇ 2,446 ਮੈਂਬਰਾਂ ਨੂੰ ਕੁਆਰੰਟਾਈਨ ਸੈਂਟਰ ਤੋਂ ਛੱਡ ਦੇਣ। ਨਾਲ ਹੀ ਇਹ ਵੀ ਕਿਹਾ ਕਿ ਇਹ ਯਕੀਨੀ ਕੀਤਾ ਜਾਵੇ ਕਿ ਉਹ ਆਪਣੇ ਘਰਾਂ ਤੋਂ ਇਲਾਵਾ ਕਿਤੇ ਹੋਰ ਨਾ ਠਹਿਰਣ। ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਦੇ ਵਿਸ਼ੇਸ਼ ਸੀ. ਈ. ਓ. ਦੇ ਐੱਸ. ਮੀਣਾ ਨੇ ਪ੍ਰਸ਼ਾਸਨ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਜ਼ਿਲਾ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਦਿੱਲੀ ਸਥਿਤ ਮਰਕਜ਼ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ ਦੂਜੇ ਸੂਬਿਆਂ ਦੇ ਜਮਾਤ ਦੇ ਪ੍ਰਤੀਨਿਧੀਆਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਭੇਜਣ ਦਾ ਵੀ ਇੰਤਜ਼ਾਮ ਕਰਨ। ਉਨ੍ਹਾਂ ਕਿਹਾ ਕਿ ਮਾਰਚ 'ਚ ਦਿੱਲੀ ਦੇ ਨਿਜ਼ਾਮੁਦੀਨ ਇਲਾਕੇ ਵਿਚ ਹੋਏ ਪ੍ਰੋਗਰਾਮ 'ਚ ਸ਼ਰੀਕ ਹੋਏ 567 ਵਿਦੇਸ਼ੀਆਂ ਨੂੰ ਪੁਲਸ ਦੇ ਹਵਾਲੇ ਕੀਤਾ ਜਾਵੇਗਾ।

ਦਿੱਲੀ ਦੇ ਗ੍ਰਹਿ ਮੰਤਰੀ ਸੱਤਿਯੇਂਦਰ ਜੈਨ ਨੇ ਸੈਂਟਰਾਂ 'ਚ ਵੱਖਰੇ ਰਹਿਣ ਦਾ ਸਮਾਂ ਪੂਰਾ ਕਰ ਚੁੱਕੇ ਅਤੇ ਕੋਵਿਡ-19 ਤੋਂ ਪੀੜਤ ਨਾ ਪਾਏ ਗਏ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਘਰ ਜਾਣ ਦੇਣ ਦਾ ਹਾਲ 'ਚ ਆਦੇਸ਼ ਦਿੱਤਾ ਸੀ। ਮੀਣਾ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਦਿੱਲੀ ਤੋਂ ਇਲਾਵਾ ਹੋਰ ਥਾਵਾਂ ਨਾਲ ਸੰਬੰਧ ਰੱਖਣ ਵਾਲੇ ਜਿਨ੍ਹਾਂ ਲੋਕਾਂ ਨੂੰ ਤੈਅ ਦਿਸ਼ਾ-ਨਿਰਦੇਸ਼ਾਂ ਮੁਤਾਬਕ ਛੱਡਿਆ ਜਾ ਸਕਦਾ ਹੈ, ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰਾਂ ਤੋਂ ਯਾਤਰਾ ਕਰਨ ਲਈ ਪਾਸ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਾਤ 'ਚ ਉਕਤ ਵਿਅਕਤੀਆਂ ਨੂੰ ਮਸਜਿਦ ਸਮੇਤ ਕਿਸੇ ਵੀ ਹੋਰ ਸਥਾਨ 'ਤੇ ਠਹਿਰਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਹੋਰ ਸੂਬਿਆਂ ਦੇ ਤਬਲੀਗੀ ਮੈਂਬਰਾਂ ਦੇ ਸੰਬੰਧ 'ਚ ਨੋਡਲ ਅਧਿਕਾਰੀ ਅਤੇ ਇਲਾਕੇ ਦੇ ਏ. ਸੀ. ਪੀ. ਇਹ ਯਕੀਨੀ ਕਰਨ ਕਿ ਅਜਿਹੇ ਲੋਕ ਆਪਣੇ ਨਿਵਾਸ ਸਥਾਨ ਤੱਕ ਪਹੁੰਚਣ। ਜ਼ਿਲਾ ਅਧਿਕਾਰੀਆਂ ਨੂੰ ਦਿੱਲੀ ਤੋਂ ਅਜਿਹੇ ਵਿਅਕਤੀਆਂ ਦੀ ਹਰੇਕ ਗਤੀਵਿਧੀ ਦੇ ਸੰਬੰਧ ਵਿਚ ਉਨ੍ਹਾਂ ਸੂਬਿਆਂ ਦੇ ਸੰਬੰਧਿਤ ਸਥਾਨਕ ਕਮਿਸ਼ਨਰ ਨੂੰ ਵੀ ਸੂਚਿਤ ਕਰਨਾ ਹੋਵੇਗਾ।


Tanu

Content Editor

Related News