ਦਿੱਲੀ : ਯਮੁਨਾ ਨਦੀ ਦਾ ਪਾਣੀ ਰਾਜਘਾਟ ''ਚ ਵੜਿਆ, ਬਦਤਰ ਹੋਏ ਹਾਲਾਤ

Friday, Jul 14, 2023 - 11:35 AM (IST)

ਦਿੱਲੀ : ਯਮੁਨਾ ਨਦੀ ਦਾ ਪਾਣੀ ਰਾਜਘਾਟ ''ਚ ਵੜਿਆ, ਬਦਤਰ ਹੋਏ ਹਾਲਾਤ

ਨਵੀਂ ਦਿੱਲੀ (ਭਾਸ਼ਾ)- ਯਮੁਨਾ ਨਦੀ 'ਚ ਪਾਣੀ ਦਾ ਪੱਧਰ ਘਟਣ ਲੱਗਾ ਹੈ ਪਰ ਇੰਦਰਪ੍ਰਸਥ ਨੇੜੇ ਦਿੱਲੀ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਣ ਕਾਰਨ ਆਈ.ਟੀ.ਓ. ਅਤੇ ਰਾਜਘਾਟ ਇਲਾਕੇ 'ਚ ਸ਼ੁੱਕਰਵਾਰ ਨੂੰ ਪਾਣੀ ਭਰ ਗਿਆ, ਜਿਸ ਨਾਲ ਹਾਲਾਤ ਹੋਰ ਬਦਤਰ ਹੋ ਗਏ ਹਨ। ਹੜ੍ਹ ਦਾ ਪਾਣੀ ਮੱਧ ਦਿੱਲੀ ਦੇ ਤਿਲਕ ਮਾਰਗ ਇਲਾਕੇ 'ਚ ਸਥਿਤ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ ਹੈ। ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਸਰਕਾਰ ਨੇ ਮੁੱਖ ਸਕੱਤਰ ਨੂੰ ਰੈਗੂਲੇਟਰ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ 'ਤੇ ਪਹਿਲ ਦੇ ਆਧਾਰ 'ਤੇ ਗੌਰ ਕਰਨ ਅਤੇ ਸਮੱਸਿਆ ਨੂੰ ਹੱਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕੀਤਾ,''ਸਾਰੀ ਰਾਤ ਸਾਡੇ ਦਲ ਨੇ ਡਬਲਿਊ.ਐੱਚ.ਓ. ਇਮਾਰਤ ਨੇੜੇ ਨਾਲਾ ਸੰਖਿਆ 12 ਦੇ ਰੈਗੂਲੇਟਰ ਦੀ ਮੁਰੰਮਤ ਦਾ ਕੰਮ ਕੀਤਾ। ਫਿਰ ਵੀ ਯਮੁਨਾ ਦਾ ਪਾਣੀ ਇਸ ਰਾਹੀਂ ਸ਼ਹਿਰ 'ਚ ਵੜ ਰਿਹਾ ਹੈ। ਸਰਕਾਰ ਨੇ ਮੁੱਖ ਸਕੱਤਰ ਨੂੰ ਇਸ 'ਤੇ ਪਹਿਲ ਦੇ ਆਧਾਰ 'ਤੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ।'' ਇਸ ਰੈਗੂਲੇਟਰ ਨੂੰ ਨੁਕਸਾਨ ਪਹੁੰਚਣ ਕਾਰਨ ਯਮੁਨਾ ਨਦੀ ਦਾ ਪਾਣੀ ਸ਼ਹਿਰ ਦੇ ਇਲਾਕਿਆਂ 'ਚ ਵੜਿਆ। ਸਵੇਰੇ 8 ਵਜੇ ਯਮੁਨਾ ਦੇ ਪਾਣੀ ਦਾ ਪੱਧਰ 208.42 ਮੀਟਰ ਸੀ। ਆਈ.ਟੀ.ਓ. ਅਤੇ ਰਾਜਘਾਟ ਦੇ ਇਲਾਕਿਆਂ 'ਚ ਹੜ੍ਹ ਆਉਣ ਕਾਰਨ ਅਧਿਕਾਰੀਆਂ ਨੂੰ ਆਵਾਜਾਈ 'ਤੇ ਪਾਬੰਦੀਆਂ ਲਗਾਉਣੀਆਂ ਪਈਆਂ। 

PunjabKesari

ਦਿੱਲੀ ਆਵਾਜਾਈ ਪੁਲਸ ਨੇ ਟਵੀਟ ਕੀਤਾ,''ਡਬਲਿਊ.ਐੱਚ.ਓ. ਇਮਾਰਤ ਦੇ ਨੇੜੇ ਨਾਲੇ 'ਚ ਸਮਰੱਥਾ ਤੋਂ ਵੱਧ ਪਾਣੀ ਵਗਣ ਕਾਰਨ ਆਈ.ਪੀ. ਫਲਾਈਓਵਰ ਵੱਲ ਸਰਾਏ ਕਾਲੇ ਖਾਂ ਤੋਂ ਮਹਾਤਮਾ ਗਾਂਧੀ ਮਾਰਗ 'ਤੇ ਵਾਹਨਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ। ਯਾਤਰੀਆਂ ਨੂੰ ਇਸ ਮਾਰਗ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।'' ਪੂਰਬੀ ਦਿੱਲੀ ਨੂੰ ਲੁਟਿਅੰਸ ਦਿੱਲੀ ਨਾਲ ਜੋੜਨ ਵਾਲੇ ਅਹਿਮ ਮਾਰਗ ਤੋਂ ਲੰਘਦੇ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਅੰਡਰ ਬਰਿੱਜ ਨੇੜੇ ਨਾਲੇ 'ਚ ਸਮਰੱਥਾ ਤੋਂ ਵੱਧ ਪਾਣੀ ਵਹਿਣ ਕਾਰਨ ਭੈਰੋਂ ਰੋਡ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਕੁਝ ਲੋਕਾਂ ਨੂੰ ਆਈ.ਟੀ.ਓ. ਦੇ ਪਾਣੀ ਭਰਨ ਵਾਲੇ ਹਿੱਸੇ 'ਚ ਆਪਣੇ ਵਾਹਨਾਂ ਨੂੰ ਖਿੱਚ ਕੇ ਲਿਜਾਂਦੇ ਹੋਏ ਦੇਖਿਆ ਗਿਆ। ਨੋਇਡਾ ਵੱਲ ਜਾਣ ਵਾਲੇ ਇਕ ਯਾਤਰੀ ਨੇ ਕਿਹਾ,''ਹੁਣ ਤੱਕ ਸਾਨੂੰ ਲੱਗ ਰਿਹਾ ਸੀ ਕਿ ਹੜ੍ਹ ਦਾ ਪਾਣੀ ਸਿਰਫ਼ ਹੇਠਲੇ ਇਲਾਕਿਆਂ 'ਚ ਵੜ ਰਿਹਾ ਹੈ ਪਰ ਹੁਣ ਖ਼ਤਰਾ ਨੇੜੇ ਲੱਗ ਰਿਹਾ ਹੈ, ਕਿਉਂਕਿ ਹੁਣ ਦਿੱਲੀ ਦੇ ਮੁੱਖ ਹਿੱਸੇ 'ਚ ਵੀ ਹੜ੍ਹ ਆ ਗਿਆ ਹੈ।''

PunjabKesari

 


author

DIsha

Content Editor

Related News