ਦਿੱਲੀ ’ਚ ਮਾਸਕ ਨਾ ਪਹਿਨਣ ਵਾਲਿਆਂ ’ਤੇ ਵਰਤੀ ਜਾਵੇਗੀ ਸਖ਼ਤੀ

04/26/2022 3:57:31 PM

ਨਵੀਂ ਦਿੱਲੀ- ਦਿੱਲੀ ਸਰਕਾਰ ਮਾਸਕ ਨਾ ਪਹਿਨਣ ਵਾਲੇ ਲੋਕਾਂ ’ਤੇ ਸਖ਼ਤੀ ਵਰਤਣ ਜਾ ਰਹੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਵੱਧਦੀ ਰਫ਼ਤਾਰ ਨੂੰ ਵੇਖਦੇ ਹੋਏ ਦਿੱਲੀ ’ਚ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ’ਤੇ ਨਜ਼ਰ ਰੱਖਣ ਲਈ ਸ਼ਹਿਰ ’ਚ 88 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਟੀਮਾਂ ਮਾਸਕ ਨਾ ਪਹਿਨਣ ਵਾਲੇ ਲੋਕਾਂ ਦਾ ਚਾਲਾਨ ਕੱਟ ਕੇ ਉਨ੍ਹਾਂ ਤੋਂ 500 ਰੁਪਏ ਦਾ ਜੁਰਮਾਨਾ ਵਸੂਲੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਹਰ ਜ਼ਿਲ੍ਹੇ ’ਚ 8 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਹਰ ਟੀਮ ’ਚ 4 ਨਾਗਰਿਕ ਵਲੰਟੀਅਰ ਅਤੇ ਇਕ ਜ਼ਿਲ੍ਹਾ ਅਧਿਕਾਰੀ ਦਫ਼ਤਰ ਵਲੋਂ ਨਾਮਜ਼ਦ ਅਧਿਕਾਰੀ ਸ਼ਾਮਲ ਹੋਵੇਗਾ। ਇਨ੍ਹਾਂ ਟੀਮਾਂ ਨੂੰ ਬਜ਼ਾਰ, ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਅਜਿਹੀਆਂ ਜਨਤਕ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ, ਜਿੱਥੇ ਵੱਡਾ ਇਕੱਠ ਜਾਂ ਭੀੜ ਹੋਵੇਗੀ। ਇਹ ਟੀਮਾਂ ਜੁਰਮਾਨਾ ਲਾਉਣ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰੇਗੀ।

ਦੱਸ ਦੇਈਏ ਕਿ ਦਿੱਲੀ ’ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਦਿੱਲੀ ’ਚ ਪੀੜਤਾਂ  ਦੀ ਗਿਣਤੀ 1,000 ਤੋਂ ਉਪਰ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ‘ਮਨ ਕੀ ਬਾਤ’ ’ਚ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜੇ ਮਾਸਕ ਪਹਿਨਣ ਅਤੇ ਹੱਥ ਧੋਣ ਸਮੇਤ ਮਹਾਮਾਰੀ ਤੋਂ ਬਚਾਅ ਦੇ ਸਾਰੇ ਜ਼ਰੂਰੀ ਉਪਾਅ ਜਾਰੀ ਰੱਖਣ ਦੀ ਲੋੜ ਹੈ।


Tanu

Content Editor

Related News