SHO ਦੀ ਨਵੇਕਲੀ ਪਹਿਲ, ਗਰੀਬ ਬੱਚਿਆਂ ਲਈ ਥਾਣੇ ’ਚ ਬਣਾਈ ਲਾਇਬ੍ਰੇਰੀ
Tuesday, Mar 02, 2021 - 11:17 AM (IST)
ਨਵੀਂ ਦਿੱਲੀ— ਪੁਲਸ ਥਾਣੇ ’ਚ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਜਾਂਦੇ ਹਨ ਅਤੇ ਪੁਲਸ ਮੁਲਾਜ਼ਮ ਉਨ੍ਹਾਂ ਦਾ ਨਿਪਟਾਰਾ ਕਰਦੇ ਹਨ। ਹੁਣ ਤੱਕ ਤੁਸੀਂ ਪੁਲਸ ਥਾਣਿਆਂ ’ਚ ਪੁਲਸ ਮੁਲਾਜ਼ਮਾਂ, ਸਿਪਾਹੀਆਂ ਨੂੰ ਬੈਠਿਆ ਵੇਖਿਆ ਹੋਵੇਗਾ। ਪਰ ਕੀ ਤੁਸੀਂ ਕਿਸੇ ਥਾਣੇ ’ਚ ਲਾਇਬ੍ਰੇਰੀ ਬਣੀ ਵੇਖੀ ਹੈ? ਇਸ ਦਾ ਜਵਾਬ ਸ਼ਾਇਦ ਨਹੀਂ ਹੋਵੇਗਾ। ਦਿੱਲੀ ਦੇ ਆਰ. ਕੇ. ਪੁਰਮ ਥਾਣੇ ’ਚ ਇਕ ਲਾਇਬ੍ਰੇਰੀ ਦੀ ਸ਼ੁਰੂਆਤ ਹੋਈ ਹੈ, ਜਿਸ ਨੂੰ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਸ਼ੁਰੂ ਕੀਤਾ ਹੈ। ਉਨ੍ਹਾਂ ਦੀ ਇਸ ਮਿਹਨਤ ਸਦਕਾ ਗਰੀਬ ਬੱਚੇ ਇੱਥੇ ਆ ਕੇ ਪੜ੍ਹਾਈ ਕਰਦੇ ਹਨ। ਗਰੀਬ ਬੱਚੇ ਥਾਣੇ ਦੀ ਲਾਇਬ੍ਰੇਰੀ ਵਿਚ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹਦੇ ਹਨ। ਬਸ ਇੰਨਾ ਹੀ ਨਹੀਂ ਕਿਤਾਬਾਂ ਪੜ੍ਹਨ ਅਤੇ ਕੁਝ ਸਮਝਾਉਣ ’ਚ ਪੁਲਸ ਅਫ਼ਸਰ ਵੀ ਬੱਚਿਆਂ ਦੀ ਮਦਦ ਕਰਦੇ ਹਨ।
ਓਧਰ ਐੱਸ. ਐੱਚ. ਓ. ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਲਾਇਬ੍ਰੇਰੀ ਦੀ ਸ਼ੁਰੂਆਤ ਕਰਨ ਦਾ ਉਦੇਸ਼ ਜਾਂ ਮਕਸਦ ਪੁਲਸ ਅਤੇ ਜਨਤਾ ਵਿਚਾਲੇ ਸਕਾਰਾਤਮਕ ਸਬੰਧ ਕਾਇਮ ਕਰਨ ’ਚ ਮਦਦ ਕਰਨਾ ਹੈ। ਨੌਜਵਾਨਾਂ ਨੂੰ ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਵਿਚ ਸ਼ਾਮਲ ਕਰਨਾ ਹੈ। ਬਿਨਾਂ ਕਿਸੇ ਡਰ ਅਤੇ ਝਿਜਕ ਦੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਲਈ ਪੁਲਸ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਇਸ ਦਾ ਮਕਸਦ ਹੈ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਲਾਇਬ੍ਰੇਰੀ ਜ਼ਰੀਏ ਨੌਜਵਾਨਾਂ ਨੂੰ ਕਰੀਅਰ ਕੌਂਸਲਿੰਗ ਮੁਹੱਈਆ ਕਰਾਉਣ, ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪ੍ਰਵੇਸ਼ ਪ੍ਰੀਖਿਆਵਾਂ ’ਚ ਹਿੱਸਾ ਲੈਣ ਲਈ ਤਿਆਰੀ ਕਰਨ ’ਚ ਮਦਦ ਕੀਤੀ ਜਾਂਦੀ ਹੈ। ਦਿੱਲੀ ਪੁਲਸ ਦੀ ਇਸ ਜਨਤਕ ਲਾਇਬ੍ਰੇਰੀ ਵਿਚ ਕੁੱਲ 100 ਵਿਦਿਆਰਥੀ ਬੈਠ ਕੇ ਆਰਾਮ ਨਾਲ ਪੜ੍ਹ ਸਕਦੇ ਹਨ। ਇੱਥੇ ਕਰੀਬ 2300 ਕਿਤਾਬਾਂ, 1900 ਤੋਂ ਵਧੇਰੇ ਪੁਰਾਣੀਆਂ ਮੈਗਜ਼ੀਨ ਉਪਲੱਬਧ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਵਿਚ ਸੀ. ਸੀ. ਟੀ. ਵੀ. ਕੈਮਰਾ, ਸਮਾਰਟ ਕਲਾਸ, 10-15 ਤਰ੍ਹਾਂ ਦੀਆਂ ਅਖ਼ਬਾਰ ਵੀ ਹਨ।