ਦਿੱਲੀ : MCD ਨੇ 700 ਕਿਲੋਗ੍ਰਾਮ ਪਲਾਸਟਿਕ ਉਤਪਾਦ ਕੀਤੇ ਜ਼ਬਤ, 350 ਤੋਂ ਵੱਧ ਚਲਾਨ ਕੱਟੇ
Saturday, Jul 02, 2022 - 10:26 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਸਿੰਗਲ ਯੂਜ਼ ਪਲਾਸਟਿਕ (ਐੱਸ.ਯੂ.ਪੀ.) 'ਤੇ ਪਾਬੰਦੀ ਦੇ ਤਹਿਤ ਸ਼ੁੱਕਰਵਾਰ ਨੂੰ ਲਗਭਗ 700 ਕਿਲੋਗ੍ਰਾਮ ਪਲਾਸਟਿਕ ਉਤਪਾਦ ਜ਼ਬਤ ਕੀਤੇ ਅਤੇ 350 ਤੋਂ ਵੱਧ ਚਲਾਨ ਕੱਟੇ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਬਿਆਨ ਦੇ ਅਨੁਸਾਰ, ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਐੱਸ.ਯੂ.ਪੀ. ਪਾਬੰਦੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਨਿਗਮ ਨੇ ਇਕ ਬਿਆਨ ਵਿਚ ਕਿਹਾ,"ਐੱਮ.ਸੀ.ਡੀ. ਨੇ 689.01 ਕਿਲੋਗ੍ਰਾਮ ਪਲਾਸਟਿਕ ਉਤਪਾਦ ਜ਼ਬਤ ਕੀਤੇ ਹਨ ਅਤੇ ਇਸ ਦੇ ਅਧਿਕਾਰ ਖੇਤਰ 'ਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਲਈ 368 ਚਲਾਨ ਜਾਰੀ ਕੀਤੇ ਹਨ।" ਪਾਬੰਦੀਸ਼ੁਦਾ ਉਤਪਾਦਾਂ ਦੀ ਵਿਕਰੀ, ਵਰਤੋਂ ਅਤੇ ਸਟੋਰੇਜ ਨੂੰ ਰੋਕਣ ਲਈ ਜ਼ੋਨ ਪੱਧਰ 'ਤੇ ਕੁੱਲ 125 ਇਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਰ 5 'ਚੋਂ ਇਕ ਘਰ ਨੇ ਝੱਲਿਆ ਭੋਜਨ ਦਾ ਸੰਕਟ
ਇਸ ਵਿਚ, ਲਾਜਪਤ ਨਗਰ, ਸਰੋਜਨੀ ਨਗਰ ਅਤੇ ਪਾਲਿਕਾ ਬਾਜ਼ਾਰ ਸਮੇਤ ਦਿੱਲੀ ਦੇ ਪ੍ਰਮੁੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 'ਤੇ 'ਨੋ ਪਲਾਸਟਿਕ' ਦੇ ਪੋਸਟਰ ਚਿਪਕਾਏ। ਜਦੋਂ ਗਾਹਕਾਂ ਨੇ ਪੋਲੀਥੀਨ ਦੇ ਥੈਲਿਆਂ ਦੀ ਮੰਗ ਕੀਤੀ ਤਾਂ ਕਈ ਦੁਕਾਨਦਾਰ ਉਨ੍ਹਾਂ ਨੂੰ ਬਦਲਵੇਂ ਸਾਮਾਨ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਦੇਖੇ ਗਏ, ਜਦਕਿ ਕੁਝ ਦੁਕਾਨਦਾਰ ਪੋਲੀਥੀਨ ਦੇ ਥੈਲਿਆਂ ਵਿਚ ਸਾਮਾਨ ਵੇਚਦੇ ਦੇਖੇ ਗਏ। ਹਾਲਾਂਕਿ ਅਜਿਹੇ ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਉਹ ਬਚੇ ਹੋਏ ਪੋਲੀਥੀਨ ਬੈਗਾਂ ਦੀ ਹੀ ਵਰਤੋਂ ਕਰ ਰਹੇ ਹਨ। ਪ੍ਰਮੁੱਖ ਬਾਜ਼ਾਰਾਂ ਵਿਚ ਵਪਾਰਕ ਸੰਸਥਾਵਾਂ ਦੇ ਅਧਿਕਾਰੀ ਵੀ ਸਬੰਧਤ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੂੰ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕਰਦੇ ਦੇਖੇ ਗਏ। ਉਧਰ, ਸਰੋਜਨੀ ਨਗਰ ਮਾਰਕੀਟ ਨੇੜੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਸੜਕਾਂ ਦੇ ਕਿਨਾਰੇ ਦੁਕਾਨਾਂ 'ਤੇ ਪਲਾਸਟਿਕ ਦੀਆਂ ਪਲੇਟਾਂ, ਚਮਚੇ ਅਤੇ ਕਾਂਟੇ ਦੀ ਵਰਤੋਂ ਹੁੰਦੀ ਵੇਖੀ ਗਈ। ਐੱਸ.ਯੂ.ਪੀ. ਦੀ ਵਰਤੋਂ ਕਰਨ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਉਣ ਦੇ ਪੋਸਟਰ ਵੀ ਬਾਜ਼ਾਰ 'ਚ ਦੇਖਣ ਨੂੰ ਮਿਲੇ।
ਇਹ ਵੀ ਪੜ੍ਹੋ : ਜਾਣੋ ਏਕਨਾਥ ਸ਼ਿੰਦੇ ਦਾ ਆਟੋ ਚਲਾਉਣ ਤੋਂ CM ਬਣਨ ਤੱਕ ਦਾ ਸਫ਼ਰ
ਸਰੋਜਨੀ ਨਗਰ ਮਿੰਨੀ ਮਾਰਕੀਟ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਰੰਧਾਨਾ ਨੇ ਕਿਹਾ,''ਅਸੀਂ ਪੋਸਟਰ ਲਗਾਏ ਹਨ ਅਤੇ ਸਰਕੂਲਰ ਵੰਡ ਕੀਤੇ ਹਨ। ਸਵੇਰੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਵਟਸਐੱਪ ਰਾਹੀਂ ਸੰਦੇਸ਼ ਭੇਜ ਕੇ ਸਿੰਗਲ-ਯੂਜ਼ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਨ ਨੂੰ ਕਿਹਾ।'' ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੁਕਾਨਦਾਰ ਇਸ ਦੀ ਪਾਲਣਾ ਕਰ ਰਹੇ ਹਨ। ਉੱਥੇ ਹੀ ਪਾਲਿਕਾ ਬਜ਼ਾਰ 'ਚ ਦੁਕਾਨਦਾਰ ਗਾਹਕਾਂ ਨੂੰ ਪੋਲੀਥੀਨ ਬੈਗ 'ਚ ਸਾਮਾਨ ਦੇਣ ਤੋਂ ਇਨਕਾਰ ਕਰਦੇ ਦਿੱਸੇ। ਦੱਸਣਯੋਗ ਹੈ ਕਿ ਪਿਛਲੇ ਸਾਲ 12 ਅਗਸਤ ਨੂੰ ਇਕ ਜੁਲਾਈ 2022 ਤੋਂ ਪਾਲੀਸਟਾਈਨਿਨ (ਥਰਮੋਕੋਲ) ਦੇ ਅਧੀਨ ਪਛਾਣ ਕੀਤੀ ਗਈ ਐੱਸ.ਯੂ.ਵੀ. ਵਸਤੂਆਂ ਦੇ ਨਿਰਮਾਣ, ਆਯਾਤ, ਭੰਡਾਰਨ, ਵੰਡ, ਵਿਕਰੀ ਅਤੇ ਉਪਯੋਗ 'ਤੇ ਰੋਕ ਲਗਾਉਣ ਦੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਐੱਸ.ਯੂ.ਵੀ. ਵਸਤੂਆਂ 'ਚ ਈਅਰਬਡਸ, ਗੁਬਾਰਿਆਂ ਦੇ ਪਲਾਸਟਿਕ ਦੀਆਂ ਸਟਿਕਸ, ਝੰਡੇ, ਕੈਂਡੀ ਸਟਿਕ, ਆਈਸਕ੍ਰੀਮ ਸਟਿਕ, ਥਰਮੋਕੋਲ, ਪਲੇਟ, ਕੱਪ, ਗਿਲਾਸ, ਕਾਂਟੇ, ਚਮਚ, ਚਾਕੂ, ਸੱਦਾ ਕਾਰਡ, ਸਿਗਰੇਟ ਦੇ ਪੈਕੇਟ, 100 ਮਾਈਕ੍ਰੋਨ ਤੋਂ ਘੱਟ ਦੇ ਪਲਾਸਟਿਕ ਜਾਂ ਪੀ.ਵੀ.ਸੀ. ਬੈਨਰ ਅਤੇ ਸਟਿਰਰ ਰੈਪਿੰਗ ਜਾਂ ਪੈਕੇਜਿੰਗ ਸ਼ਾਮਲ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ