ਦਿੱਲੀ : ਬਿਜਲੀ ਚੋਰੀ ਮਾਮਲੇ ''ਚ 2500 ਤੋਂ ਵੱਧ ਲੋਕ ਗ੍ਰਿਫਤਾਰ, 200 ਦੋਸ਼ੀ ਕਰਾਰ

10/13/2019 5:55:26 PM

ਨਵੀਂ ਦਿੱਲੀ (ਭਾਸ਼ਾ)— ਬਿਜਲੀ ਚੋਰੀ ਵਿਰੁੱਧ ਮੁਹਿੰਮ ਤਹਿਤ ਦਿੱਲੀ ਵਿਚ ਬਿਜਲੀ ਵੰਡਣ ਵਾਲੀਆਂ ਕੰਪਨੀਆਂ (ਡਿਸਕਾਮ) ਨੇ ਪਿਛਲੇ ਡੇਢ ਸਾਲ 'ਚ 5500 ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਕੀਤੀਆਂ ਅਤੇ ਇਸ ਮਾਮਲੇ 'ਚ 2500 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਸੂਤਰਾਂ ਮੁਤਾਬਕ ਸ਼ਿਕਾਇਤਾਂ ਦੇ ਆਧਾਰ 'ਤੇ 4500 ਤੋਂ ਵੱਧ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ ਇਸ ਦੌਰਾਨ 200 ਤੋਂ ਵੱਧ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਦਿੱਲੀ ਵਿਚ 3 ਬਿਜਲੀ ਕੰਪਨੀਆਂ— ਬੀ. ਐੱਸ. ਈ. ਐੱਸ. ਯਮੁਨਾ ਪਾਵਰ ਲਿਮਟਿਡ, ਬੀ. ਐੱਸ. ਈ. ਐੱਸ. ਰਾਜਧਾਨੀ ਪਾਵਰ ਲਿਮਟਿਡ ਅਤੇ ਟਾਟਾ ਪਾਵਰ ਡਿਸਟ੍ਰਿਬਿਊਸ਼ਨ ਲਿਮਟਿਡ 60 ਲੱਖ ਤੋਂ ਵੱਧ ਉਪਭੋਗਤਾਵਾਂ ਨੂੰ ਬਿਜਲੀ ਮੁਹੱਈਆ ਕਰਾਉਂਦੀ ਹੈ।

ਬਿਜਲੀ ਕੰਪਨੀ ਦੇ ਇਕ ਸੂਤਰ ਨੇ ਦੱਸਿਆ ਕਿ ਬਿਜਲੀ ਚੋਰੀ ਦੇ ਮਾਮਲੇ ਵਿਚ ਭਾਰੀ ਜੁਰਮਾਨੇ ਅਤੇ 5 ਸਾਲ ਤਕ ਦੀ ਜੇਲ ਦੀ ਵਿਵਸਥਾ ਹੈ। ਇਸ ਸਾਲ ਅਗਸਤ-ਸਤੰਬਰ ਵਿਚ ਕੜਕੜਡੂਮਾ ਦੀ ਵਿਸ਼ੇਸ਼ ਅਦਾਲਤ ਨੇ ਬਿਜਲੀ ਚੋਰੀ ਮਾਮਲੇ ਵਿਚ ਪੂਰਬੀ ਦਿੱਲੀ 'ਚ 21 ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਕ ਅਨੁਮਾਨ ਮੁਤਾਬਕ ਬਿਜਲੀ ਚੋਰੀ ਤੋਂ ਦਿੱਲੀ ਦੀਆਂ ਬਿਜਲੀ ਕੰਪਨੀਆਂ ਨੂੰ ਸਾਲਾਨਾ 400 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੁੰਦਾ ਹੈ। ਬਿਜਲੀ ਕੰਪਨੀਆਂ ਉਨ੍ਹਾਂ ਇਲਾਕਿਆਂ ਵਿਚ ਬਿਜਲੀ ਚੋਰੀ 'ਤੇ ਲਗਾਮ ਲਾਉਣ 'ਚ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ, ਜਿੱਥੇ ਕਈ ਵਾਰ ਨਿਰੀਖਣ ਟੀਮਾਂ 'ਤੇ ਹਮਲੇ ਦੀਆਂ ਘਟਨਾਵਾਂ ਹੋਈਆਂ ਹਨ।


Tanu

Content Editor

Related News