ਡਾਕਟਰਾਂ ਨੇ 6 ਸਾਲ ਦੀ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ, 3 ਸਾਲਾਂ ਤੋਂ ਨਹੀਂ ਖਾ ਰਹੀ ਸੀ ਖਾਣਾ

07/23/2022 10:58:54 AM

ਨਵੀਂ ਦਿੱਲੀ– ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ 6 ਸਾਲ ਦੀ ਇਕ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਜਿਸ ਦੀ ਭੋਜਨ ਨਲੀ ਅਤੇ ਢਿੱਡ ਨੂੰ ਜੋੜਨ ਵਾਲੀ ਥਾਂ ’ਤੇ ਰੁਕਾਵਟ ਹੋਣ ਕਾਰਨ ਉਹ 3 ਸਾਲਾਂ ਤੋਂ ਖਾਣਾ ਨਹੀਂ ਖਾ ਪਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਰੁਕਾਵਟ ਨੂੰ ਹਟਾਉਣ ਲਈ ਬੱਚੀ ਦਾ ‘ਐਂਡੋਸਕੋਪਿਕ’ ਪ੍ਰਕਿਰਿਆ ਨਾਲ ਆਪਰੇਸ਼ਨ ਕੀਤਾ ਗਿਆ। 

ਡਾਕਟਰਾਂ ਦਾ ਦਾਅਵਾ ਹੈ ਕਿ ‘ਪਰ ਓਰਲ ਐਂਡੋਸਕੋਪਿਕ ਮਾਇਓਟੌਮੀ’ (ਪੀ. ਓ. ਈ. ਐੱਮ.) ਪ੍ਰਕਿਰਿਆ ਤੋਂ ਲੰਘਣ ਵਾਲੀ ਇਹ ਬੱਚੀ ਭਾਰਤ ’ਚ ਸਭ ਤੋਂ ਘੱਟ ਉਮਰ ਦੀ ਮਰੀਜ਼ ਹੈ। ਹਸਪਤਾਲ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਛਾਤੀ ’ਚ ਬਿਨਾਂ ਚੀਰਾ ਲਾਏ ਇਸ ਨਵੀਨ ਅਤੇ ਉੱਨਤ ਪ੍ਰਕਿਰਿਆ ਨੂੰ ਅੰਜ਼ਾਮ ਦਿੱਤਾ ਗਿਆ। ਬਿਆਨ ’ਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਮਗਰੋਂ ਮਰੀਜ਼ ਨੂੰ ਜ਼ਿਆਦਾ ਦਿਨਾਂ ਤੱਕ ਹਸਪਤਾਲ ’ਚ ਨਹੀਂ ਰਹਿਣਾ ਪੈਂਦਾ। ਹਸਪਤਾਲ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ’ਚ ਹਾਲ ਹੀ ’ਚ ਬੱਚੀ ਨੂੰ ਭਰਤੀ ਕੀਤਾ ਗਿਆ ਸੀ, ਜੋ ਲੱਗਭਗ 3 ਸਾਲਾਂ ਤੋਂ ਭੋਜਨ ਨਿਗਲਣ ’ਚ ਅਸਮਰੱਥ ਸੀ। ਡਾਕਟਰਾਂ ਨੇ ਕਿਹਾ ਕਿ ਮਰੀਜ਼ ਨੂੰ ਵਾਰ-ਵਾਰ ਉਲਟੀਆਂ ਹੁੰਦੀਆਂ ਸਨ ਅਤੇ ਭੋਜਨ ਮੂੰਹ ਅਤੇ ਨੱਕ ਜ਼ਰੀਏ ਬਾਹਰ ਆ ਜਾਂਦਾ ਸੀ, ਜਿਸ ਕਾਰਨ ਉਸ ਦਾ ਵਜ਼ਨ ਘਟ ਗਿਆ ਸੀ। 

ਗੈਸਟ੍ਰੋਐਂਟਰੌਲੋਜੀ ਵਿਭਾਗ ਦੇ ਮੁਖੀ ਡਾ. ਅਨਿਲ ਅਰੋੜਾ ਨੇ ਕਿਹਾ ਕਿ ਜਦੋਂ ਉਹ ਸਾਡੇ ਕੋਲ ਆਈ ਸੀ ਤਾਂ ਬਹੁਤ ਕਮਜ਼ੋਰ ਸੀ। ਉਸ ਦੇ ਸਰੀਰ ’ਚ ਪ੍ਰੋਟੀਨ ਦੀ ਘਾਟ ਸੀ ਅਤੇ ਆਪਣੀ ਉਮਰ ਦੇ ਹਿਸਾਬ ਨਾਲ ਉਸ ਦਾ ਵਜ਼ਨ 8 ਤੋਂ 10 ਕਿਲੋਗ੍ਰਾਮ ਘੱਟ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ’ਚ ਭੋਜਨ ਨਾ ਨਿਗਲ ਸਕਣ ਦੀ ਸਮੱਸਿਆ ਲਈ ਹੁਣ ਤੱਕ ਸਰਜਰੀ ਕੀਤੀ ਜਾਂਦੀ ਸੀ ਪਰ ਉਕਤ ਬੱਚੀ ਦੇ ਮਾਮਲੇ ’ਚ ਅਸੀਂ ਇਕ ਨਵੇਂ ਪ੍ਰਕਾਰ ਦੇ ਐਂਡੋਸਕੋਪਿਕ ਪ੍ਰਕਿਰਿਆ ਅਪਣਾਉਣ ਦਾ ਫ਼ੈਸਲਾ ਲਿਆ। ਬੱਚੀ ਦੀ ਭੋਜਨ ਦੀ ਨਲੀ ਅਤੇ ਢਿੱਡ ਵਿਚਾਲੇ ਰੁਕਾਵਟ ਨੂੰ ਪੂਰੀ ਤਰ੍ਹਾਂ ਹਟਾਉਣ ’ਚ ਸਫ਼ਲਤਾ ਮਿਲੀ। ਭੋਜਨ ਨਾਲ ਨਿਗਲ ਸਕਣ ਦੀ ਸਮੱਸਿਆ ਬੇਹੱਦ ਦੁਰਲੱਭ ਸਮੱਸਿਆ ਹੈ ਅਤੇ ਦੁਨੀਆ ਭਰ ’ਚ 15 ਸਾਲ ਤੋਂ ਘੱਟ ਉਮਰ ਦੇ  5 ਫ਼ੀਸਦੀ ਤੋਂ ਵੀ ਘੱਟ ਬੱਚਿਆਂ ’ਚ ਇਹ ਸਮੱਸਿਆ ਪਾਈ ਜਾਂਦੀ ਹੈ।


Tanu

Content Editor

Related News