ਪ੍ਰਦੂਸ਼ਣ ਦਾ ਕਹਿਰ; ਦਿੱਲੀ ''ਚ ਪਸਰੀ ਧੁੰਦ, ''ਬਹੁਤ ਖਰਾਬ'' ਪੱਧਰ ''ਤੇ ਪੁੱਜੀ ਹਵਾ
Thursday, Oct 15, 2020 - 04:08 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ-ਐੱਨ. ਸੀ. ਆਰ. ਵਿਚ ਵੀਰਵਾਰ ਯਾਨੀ ਕਿ ਅੱਜ ਧੁੰਦ ਨਾਲ ਪੂਰੇ ਖੇਤਰ ਵਿਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਪੱਧਰ 'ਤੇ ਪਹੁੰਚ ਗਈ ਹੈ। ਨਾਸਾ ਦੇ ਨਕਲੀ ਸੈਟੇਲਾਈਟ ਵਲੋਂ ਲਈਆਂ ਗਈਆਂ ਤਸਵੀਰਾਂ ਵਿਚ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਤਰਨਤਾਰਨ ਅਤੇ ਫਿਰੋਜ਼ਪੁਰ ਤੇ ਹਰਿਆਣਾ ਦੇ ਅੰਬਾਲਾ ਅਤੇ ਰਾਜਪੁਰ 'ਚ ਵੱਡੇ ਪੱਧਰ 'ਤੇ ਖੇਤਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਿਰਮਾਣ ਕੰਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜੈਨਰੇਟਰ ਦੇ ਇਸਤੇਮਾਲ 'ਤੇ ਵੀ ਰੋਕ ਲਾ ਦਿੱਤੀ ਹੈ। ਧੂੜ-ਮਿੱਟੀ ਨਾ ਉੱਡੇ, ਇਸ ਲਈ ਪਾਣੀ ਦੇ ਲਗਾਤਾਰ ਛਿੜਕਾਅ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਨਾ-ਕਾਫ਼ੀ ਸਾਬਤ ਹੋ ਰਹੀਆਂ ਹਨ। ਦਿੱਲੀ ਦੀ ਹਵਾ ਬਹੁਤ ਖਰਾਬ ਪੱਧਰ 'ਤੇ ਪਹੁੰਚ ਗਈ ਹੈ।
ਦਿੱਲੀ ਵਿਚ ਸਵੇਰੇ ਕਰੀਬ 11.10 ਵਜੇ ਹਵਾ ਗੁਣਵੱਤਾ 315 ਦਾ ਦਰਜ ਕੀਤਾ ਗਿਆ। ਇਸ ਸਾਲ ਇਸ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਦਾ ਇੰਨਾ ਖਰਾਬ ਪੱਧਰ ਫਰਵਰੀ 'ਚ ਸੀ। 24 ਘੰਟਿਆਂ ਵਿਚ ਏਅਰ ਕੁਆਲਿਟੀ ਇੰਡੈਕਸ ਬੁੱਧਵਾਰ ਨੂੰ 276 ਸੀ, ਜੋ 'ਖਰਾਬ' ਸ਼੍ਰੇਣੀ ਵਿਚ ਆਉਂਦਾ ਹੈ।
ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਦਿੱਲੀ ਦੇ ਊਰਜਾ ਮੰਤਰੀ ਸੱਤਿਯੇਂਦਰ ਜੈਨ ਨੇ ਕੇਂਦਰ ਸਰਕਾਰ ਤੋਂ ਦਿੱਲੀ ਦੇ 300 ਕਿਲੋਮੀਟਰ ਦੇ ਅੰਦਰ ਕੋਲੇ ਨਾਲ ਚੱਲਣ ਵਾਲੇ 13 ਬਿਜਲੀ ਪਲਾਂਟਾਂ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਕਿਹਾ ਹੈ ਕਿ ਉਸ ਨੇ 50 ਟੀਮਾਂ ਬਣਾਈਆਂ ਹਨ, ਜੋ ਸਰਦੀਆਂ ਦੌਰਾਨ ਹਵਾ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਕਾਂ ਅਤੇ ਮਾਪਦੰਡਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਨਿਗਾਹ ਰੱਖੇਗੀ।