ਆਫ਼ ਦਿ ਰਿਕਾਰਡ : ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਦੇਰੀ
Saturday, Nov 05, 2022 - 11:30 AM (IST)
ਨਵੀਂ ਦਿੱਲੀ– ਇਸ ਸਾਲ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਦੇਰੀ ਹੋ ਸਕਦੀ ਹੈ ਅਤੇ ਇਸ ਦੇ ਦਸੰਬਰ ਦੇ ਮੱਧ ਵਿਚ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਸੰਸਦ ਸੈਸ਼ਨ ਦੇ ਦੇਰੀ ਨਾਲ ਬੁਲਾਏ ਜਾਣ ਦੇ ਪਿੱਛੇ 2 ਕਾਰਨ ਪ੍ਰਤੀਤ ਹੁੰਦੇ ਹਨ। ਪਹਿਲਾ ਗੁਜਰਾਤ ਵਿਚ ਮਹੱਤਵਪੂਰਨ ਵਿਧਾਨ ਸਭਾ ਚੋਣਾਂ ਅਤੇ ਦੂਜਾ ਨਵੇਂ ਬਣੇ ਭਵਨ ਵਿਚ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਆਯੋਜਿਤ ਕਰਨ ਦੀ ਪ੍ਰਧਾਨ ਮੰਤਰੀ ਦੀ ਉਤਸੁਕਤਾ।
ਭਾਜਪਾ ਲੀਡਰਸ਼ਿਪ ਇਸ ਗੱਲ ਤੋਂ ਉਤਸ਼ਾਹਿਤ ਹੈ ਕਿ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਨੂੰ ਵੱਖ ਕਰ ਦਿੱਤਾ ਅਤੇ ਮਹੱਤਵਪੂਰਨ ਸੂਬਾ ਗੁਜਰਾਤ ਵਿਚ ਚੀਜ਼ਾਂ ਨੂੰ ਠੀਕ ਕਰਨ ਲਈ ਪਾਰਟੀ ਨੂੰ ਵਾਧੂ ਸਮਾਂ ਮਿਲਿਆ। ਗੁਜਰਾਤ ਵਿਚ ਨਾਮਜ਼ਦਗੀ ਦੀ ਪ੍ਰਕਿਰਿਆ 14 ਨਵੰਬਰ ਤੋਂ ਸ਼ੁਰੂ ਹੋਵੇਗੀ-ਹਿਮਾਚਲ ਪ੍ਰਦੇਸ਼ ਵਿਚ ਪੋਲਿੰਗ ਤੋਂ ਬਾਅਦ। ਗੁਜਰਾਤ ਵਿਚ 182 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ 125-130 ਸੀਟਾਂ ਦੇ ਅੰਕੜੇ ਨੂੰ ਛੂਹਣ ਲਈ ਸਖਤ ਮਿਹਨਤ ਕਰ ਰਹੀ ਹੈ।
ਸੰਸਦ ਦੇ ਪੂਰਨ ਸਰਦ ਰੁੱਤ ਸੈਸ਼ਨ ਨੂੰ ਨਵੇਂ ਭਵਨ ਵਿਚ ਆਯੋਜਿਤ ਕਰਨਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੌਰਾਨ ਸਰਦ ਰੁੱਤ ਸੈਸ਼ਨ ਇਕ ਨਵੇਂ ਭਵਨ ਵਿਚ ਆਯੋਜਿਤ ਕੀਤਾ ਜਾਵੇ। ਹੁਣ ਇਕ ਵਿਵਹਾਰਿਕ ਹੱਲ ਮਿਲ ਗਿਆ ਹੈ ਅਤੇ ਨਵੇਂ ਭਵਨ ਵਿਚ ਇਕ ਸਾਂਝੀ ਬੈਠਕ ਆਯੋਜਿਤ ਕੀਤੀ ਜਾਵੇਗੀ ਅਤੇ ਦੋਵਾਂ ਸਦਨਾਂ ਦੀ ਨਿਯਮਿਤ ਬੈਠਕ ਪੁਰਾਣੇ ਕੰਪਲੈਕਸ ਵਿਚ ਹੋ ਸਕਦੀ ਹੈ।
ਕੁਝ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਰਦ ਰੁੱਤ ਸੈਸ਼ਨ ਵਿਚ ਦੇਰੀ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ, ਅਜਿਹਾ ਕਿਹਾ ਜਾਂਦਾ ਹੈ ਕਿ ਬੀਤੇ ਵਿਚ ਵੀ ਅਜਿਹਾ ਹੋਇਆ ਸੀ। 2017 ਵਿਚ ਸਰਦ ਰੁੱਤ ਸੈਸ਼ਨ 15 ਦਸੰਬਰ ਨੂੰ ਸ਼ੁਰੂ ਹੋਇਆ ਅਤੇ 5 ਜਨਵਰੀ ਤੱਕ ਚੱਲਿਆ। ਸੱਤਾਧਾਰੀ ਪਾਰਟੀ ਚਾਹੁੰਦੀ ਸੀ ਕਿ ਵਿਧਾਨ ਸਭਾ ਚੋਣਾਂ ਕਾਰਨ ਧਿਆਨ ਨਾ ਭਟਕੇ ਕਿਉਂਕਿ ਸਰਕਾਰ ਵਲੋਂ ਸੈਸ਼ਨ ਵਿਚ ਕੁਝ ਪ੍ਰਮੁੱਖ ਨੀਤੀਗਤ ਪਹਿਲ ਦੀ ਯੋਜਨਾ ਬਣਾਈ ਜਾ ਰਹੀ ਹੈ।