ਉੱਤਰਾਖੰਡ ’ਚ ਜ਼ਮੀਨ ਖਰੀਦਣ ਵਾਲਿਆਂ ਦੀ ਜਾਂਚੀ ਜਾਵੇਗੀ ਕੁੰਡਲੀ, CM ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

Thursday, Jun 20, 2024 - 10:57 PM (IST)

ਦੇਹਰਾਦੂਨ- ਰਾਜਧਾਨੀ ਦੂਨ ਦੇ ਡੋਭਾਲ ਚੌਕ ਹੱਤਿਆਕਾਂਡ ਤੋਂ ਬਾਅਦ ਇਕ ਵਾਰ ਜ਼ਮੀਨ ’ਤੇ ਗੈਰ-ਕਾਨੂੰਨੀ ਕਬਜ਼ੇ ਅਤੇ ਬਾਹਰੋਂ ਆਏ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਵੱਲੋਂ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ’ਚ ਲੈਣ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਘਟਨਾ ਤੋਂ ਦੁਖੀ ਆਮ ਲੋਕਾਂ ਨੂੰ ਇਨਸਾਫ਼ ਦਾ ਅਹਿਸਾਸ ਕਰਵਾਉਣ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਵਾਰ ਫਿਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨ ਦੀ ਖਰੀਦੋ-ਫਰੋਖਤ ਦੌਰਾਨ ਸਾਵਧਾਨ ਰਹਿਣ ਲਈ ਕਿਹਾ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਹਰੀ ਵਿਅਕਤੀਆਂ ਤੋਂ ਜ਼ਮੀਨ ਖਰੀਦਦੇ ਸਮੇਂ ਉਹ ਘੋਸ਼ਣਾ ਪੱਤਰ ਭਰਨ ਅਤੇ ਇਸ ਵਿਚ ਜ਼ਮੀਨ ਖਰੀਦਣ ਦੇ ਮੰਤਵ ਦੇ ਨਾਲ-ਨਾਲ ਖਰੀਦਦਾਰ ਦੇ ਸਾਰੇ ਅਪਰਾਧਿਕ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਜਾਵੇ। ਇਸ ਦੀ ਪੁਲਸ ਵਿਭਾਗ ਤੋਂ ਜਾਂਚ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਨਿਵਾਸ ’ਤੇ ਉੱਚ ਪੱਧਰੀ ਮੀਟਿੰਗ ਦੌਰਾਨ ਕਾਨੂੰਨ ਵਿਵਸਥਾ ਅਤੇ ਜਨਤਾ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਅਮਨ-ਕਾਨੂੰਨ ਦੇ ਮਾਮਲੇ ਵਿਚ ਸੂਬੇ ’ਚ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਬਾਹਰੋਂ ਆਉਣ ਵਾਲੇ ਅਤੇ ਸੂਬੇ ਵਿਚ ਰਹਿ ਰਹੇ ਲੋਕਾਂ ਦੀ ਵੈਰੀਫਿਕੇਸ਼ਨ ਮੁਹਿੰਮ ਨੂੰ ਤੇਜ਼ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜ਼ਮੀਨ ਖਰੀਦਣ ਵਾਲਿਆਂ ਲਈ ਘੋਸ਼ਣਾ ਪੱਤਰ ਦਾ ਨਿਰਧਾਰਤ ਫਾਰਮੈਟ ਤਿਆਰ ਕੀਤਾ ਜਾਵੇ। ਜੇਕਰ ਖਰੀਦਦਾਰ ਉੱਤਰਾਖੰਡ ਸੂਬੇ ਤੋਂ ਬਾਹਰ ਦਾ ਹੈ, ਤਾਂ ਉਸ ਨੂੰ ਇਹ ਘੋਸ਼ਣਾ ਪੱਤਰ ਭਰਨਾ ਚਾਹੀਦਾ ਹੈ। ਘੋਸ਼ਣਾ ਪੱਤਰ ਵਿਚ ਖਰੀਦਦਾਰ ਦੇ ਅਪਰਾਧਿਕ ਇਤਿਹਾਸ ਦੇ ਵੇਰਵੇ ਵੀ ਦਰਜ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਲੋਕਾਂ ਨੂੰ ਜ਼ਮੀਨ ਖਰੀਦਣ ਦਾ ਮਕਸਦ ਵੀ ਦੱਸਣਾ ਹੋਵੇਗਾ।

‘ਸਾਡਾ ਸੂਬਾ ‘ਦੇਵਭੂਮੀ’ ਹੈ। ਇੱਥੇ ਅਪਰਾਧ ਅਤੇ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ। ਕਿਸੇ ਵੀ ਵਿਕਾਸਸ਼ੀਲ ਸੂਬੇ ਲਈ ਬਿਹਤਰ ਕਾਨੂੰਨ ਅਤੇ ਵਿਵਸਥਾ ਬਹੁਤ ਜ਼ਰੂਰੀ ਹੈ। ਸਾਡੀ ਸਰਕਾਰ ਸੂਬੇ ਵਿਚ ਸ਼ਾਂਤਮਈ ਅਤੇ ਡਰ-ਮੁਕਤ ਮਾਹੌਲ ਬਣਾਈ ਰੱਖਣ ਲਈ ਵਚਨਬੱਧ ਹੈ।”


Rakesh

Content Editor

Related News