ਡਿਗਰੀ ਇੰਜੀਨੀਅਰ ਕਰ ਰਹੇ ਕੂਲੀ ਦਾ ਕੰਮ : ਰਾਹੁਲ ਗਾਂਧੀ

09/27/2023 5:11:58 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ 'ਚ ਬੇਰੁਜ਼ਗਾਰੀ ਸਿਖ਼ਰ 'ਤੇ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ, ਇਸੇ ਦਾ ਨਤੀਜਾ ਹੈ ਕਿ ਡਿਗਰੀਧਾਰੀ ਇੰਜੀਨੀਅਰ ਕੂਲੀ ਦਾ ਕੰਮ ਕਰ ਰਹੇ ਹਨ। ਰਾਹੁਲ ਨੇ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ,''ਭਾਰਤ ਦੇ ਮਿਹਨਤੀ ਕੂਲੀ ਭਰਾਵਾਂ ਨਾਲ ਦਿੱਲੀ ਦੇ ਆਨੰਦ ਵਿਹਾਰ ਸਟੇਸ਼ਨ 'ਤੇ ਮਿਲਿਆ। ਡਿਗਰੀ ਇੰਜੀਨੀਅਰ ਕੀਤੀ, ਕੰਮ ਕੂਲੀ ਦਾ, ਅਜਿਹੀ ਬੇਰੁਜ਼ਗਾਰੀ ਨਾਲ ਪੀੜਤ ਹਨ। ਰੇਲਵੇ ਤੋਂ ਨਾ ਤਨਖਾਹ, ਨਾ ਪੈਨਸ਼ਨ, ਨਾ ਸਿਹਤ ਬੀਮਾ ਅਤੇ ਨਾ ਸਰਕਾਰੀ ਸਹੂਲਤ ਪਰ ਇਨ੍ਹਾਂ ਨੂੰ ਉਮੀਦ ਹੈ, ਸਮਾਂ ਬਦਲੇਗਾ ਅਤੇ ਮੈਨੂੰ ਪੂਰਾ ਭਰੋਸਾ।'' 

PunjabKesari

ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਵੀ ਬੇਰੁਜ਼ਗਾਰੀ ਨੂੰ ਲੈ ਕੇ 'ਐਕਸ' 'ਤੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜਤ ਹਨ ਅਤੇ ਉਹ ਕੂਲੀ ਦਾ ਕੰਮ ਕਰਨ ਨੂੰ ਵੀ ਮਜ਼ਬੂਰ ਹਨ। ਉਨ੍ਹਾਂ ਕਿਹਾ,''ਪਿਛਲੇ ਮਹੀਨੇ ਵਿਹਾਰ ਟਰਮਿਨਲ ਦੇ ਕੂਲੀਆਂ ਨੇ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਜਤਾਈ ਸੀ। ਰਾਹੁਲ ਨੇ ਭਾਰਤ ਜੋੜੋ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਕੁਝ ਨੇ ਦੱਸਿਆ ਕਿ ਉਹ ਬੀਮਾਰੀ ਦੇ ਬਾਵਜੂਦ ਕੰਮ ਕਰਨ ਨੂੰ ਮਜ਼ਬੂਰ ਹਨ। ਕੁਝ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਵੀ ਕੂਲੀ ਦਾ ਕੰਮ ਕਰ ਰਹੇ ਹਨ।'' ਉਨ੍ਹਾਂ ਨੇ ਬੇਰੁਜ਼ਗਾਰਾਂ ਲਈ ਰਾਜਸਥਾਨ ਸਰਕਾਰ ਦੇ ਕੰਮ ਦੀ ਤਾਰੀਫ਼ ਕੀਤੀ ਅਤੇ ਕਿਹਾ,''ਇਕ ਕੂਲੀ, ਜਿਸ ਦਾ ਪਰਿਵਾਰ ਰਾਜਸਥਾਨ 'ਚ ਹੈ, ਨੇ ਦੱਸਿਆ ਕਿ ਚਿਰੰਜੀਵ ਯੋਜਨਾ ਦੇ ਅਧੀਨ ਉਸ ਦੀ ਮਾਂ ਦਾ 60 ਹਜ਼ਾਰ ਰੁਪਏ ਦਾ ਮੁਫ਼ਤ ਇਲਾਜ ਹੋਇਆ ਹੈ। ਗੱਲਬਾਤ 'ਚ ਰਾਜਸਥਾਨ ਸਰਕਾਰ ਦੀਆਂ ਹੋਰ ਯੋਜਨਾਵਾਂ ਦਾ ਵੀ ਜ਼ਿਕਰ ਆਇਆ ਪਰ ਮੋਦੀ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ। ਜੋ ਦੇਸ਼ ਦਾ ਬੋਝ ਚੁੱਕਦੇ ਹਨ, ਉਨ੍ਹਾਂ ਨੂੰ ਸਰਕਾਰ ਅਤੇ ਮੀਡੀਆ ਦੋਵੇਂ ਹੀ ਨਜ਼ਰਅੰਦਾਜ ਕਰ ਰਹੇ ਹਨ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News