46,000 ਕਰੋੜ ਰੁਪਏ ਦੇ ਰੱਖਿਆ ਖਰੀਦ ਸੌਦਿਆਂ ਨੂੰ ਹਰੀ ਝੰਡੀ
Sunday, Aug 26, 2018 - 10:50 AM (IST)

ਨਵੀਂ ਦਿੱਲੀ— ਸਰਕਾਰ ਨੇ ਪੁਰਾਣੇ ਪੈ ਚੁੱਕੇ ਚੇਤਕ ਹੈਲੀਕਾਪਟਰਾਂ ਦੇ ਬੇੜੇ ਨੂੰ ਬਦਲਣ ਸਬੰਧੀ ਇਕ ਵੱਡਾ ਕਦਮ ਚੁੱਕਦੇ ਹੋਏ ਸਮੁੰਦਰੀ ਫੌਜ ਲਈ 21 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 111 ਹੈਲੀਕਾਪਟਰਾਂ ਸਮੇਤ ਕੁਲ 46 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਖਰੀਦ ਸੌਦਿਆਂ ਨੂੰ ਸ਼ਨੀਵਾਰ ਪ੍ਰਵਾਨਗੀ ਦਿੱਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਰੱਖਿਆ ਖਰੀਦ ਕੌਂਸਲ ਦੀ ਹੋਈ ਬੈਠਕ ਵਿਚ ਸਮੁੰਦਰੀ ਫੌਜ ਲਈ 24 ਬਹੁ-ਮੰਤਵੀ ਹੈਲੀਕਾਪਟਰ ਐੱਮ. ਐੱਚ. 60 ਰੋਮਿਓ, ਜ਼ਮੀਨੀ ਫੌਜ ਲਈ 3364 ਕਰੋੜ ਰੁਪਏ ਦੀ ਲਾਗਤ ਨਾਲ 150 ਤੋਪਾਂ ਅਤੇ ਸਮੁੰਦਰੀ ਫੌਜ ਲਈ ਘੱਟ ਦੂਰੀ ਦੀਆਂ 14 ਮਿਜ਼ਾਈਲ ਪ੍ਰਣਾਲੀਆਂ ਖਰੀਦਣ ਲਈ ਵੀ ਹਰੀ ਝੰਡੀ ਦਿੱਤੀ ਗਈ।
ਜਾਣਕਾਰੀ ਮੁਤਾਬਕ ਸਮੁੰਦਰੀ ਫੌਜ ਲਈ 111 ਸਾਧਾਰਨ ਹੈਲੀਕਾਪਟਰਾਂ ਅਤੇ 24 ਬਹੁ-ਮੰਤਵੀ ਹੈਲੀਕਾਪਟਰਾਂ ਦੀ ਖਰੀਦ ਦਾ ਸੌਦਾ ਇਸ ਪੱਖੋਂ ਬਹੁਤ ਅਹਿਮ ਹੈ ਕਿ ਇਹ ਸਰਕਾਰ ਦੀ 'ਮੇਕ ਇਨ ਇੰਡੀਆ' ਯੋਜਨਾ ਨੂੰ ਰੱਖਿਆ ਖੇਤਰ ਵਿਚ ਉਤਸ਼ਾਹਿਤ ਕਰਨ ਲਈ ਰੱਖਿਆ ਮੰਤਰਾਲਾ ਦੇ ਬਹੁ-ਚਰਚਿਤ ਜੰਗੀ ਭਾਈਵਾਲੀ ਮਾਡਲ ਅਧੀਨ ਪਹਿਲਾ ਪ੍ਰਾਜੈਕਟ ਹੈ। ਸੂਤਰਾਂ ਮੁਤਾਬਕ ਫਰਾਂਸ ਸਰਕਾਰ ਕੋਲੋਂ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦੀ ਸਿੱਧੀ ਖਰੀਦ ਵਾਂਗ ਹੀ ਇਹ ਹੈਲੀਕਾਪਟਰ ਸਿੱਧਾ ਅਮਰੀਕਾ ਸਰਕਾਰ ਕੋਲੋਂ ਖਰੀਦੇ ਜਾਣਗੇ। ਸਮੁੰਦਰੀ ਫੌਜ ਨੂੰ ਲੰਮੇ ਸਮੇਂ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਲੋੜ ਹੈ।
ਦੱਸ ਦੇਈਏ ਕਿ ਫੌਜ ਦੇ ਆਧੁਨਿਕੀਕਰਨ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਨੇ ਦੇਸ਼ ਵਿਚ ਹੀ ਬਣੀਆਂ 150 ਸਵਦੇਸ਼ੀ ਅਤਿਅੰਤ ਆਧੁਨਿਕ ਤੋਪ ਪ੍ਰਣਾਲੀਆਂ ਖਰੀਦਣ ਸਬੰਧੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਪ ਪ੍ਰਣਾਲੀ ਦਾ ਡਿਜ਼ਾਈਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵਲੋਂ ਕੀਤਾ ਜਾਏਗਾ। ਇਸ ਪ੍ਰਾਜੈਕਟ 'ਤੇ 3364 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਹ ਤੋਪ ਭਵਿੱਖ ਵਿਚ ਫੌਜ ਦੇ ਤੋਪਖਾਨਾ ਦਾ ਪ੍ਰਮੁੱਖ ਆਧਾਰ ਬਣੇਗੀ।