ਰੱਖਿਆ ਮੰਤਰਾਲਾ ਨੇ 84,328 ਕਰੋੜ ਰੁਪਏ ਦੇ ਖਰੀਦ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ
Friday, Dec 23, 2022 - 04:19 PM (IST)
ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰਾਲਾ ਨੇ ਹਥਿਆਰਬੰਦ ਬਲਾਂ ਦੀਆਂ ਲੜਾਕੂ ਸਮਰੱਥਾਵਾਂ ਨੂੰ ਵਧਾਉਣ ਲਈ 84,328 ਰੁਪਏ ਦੀ ਲਾਗਤ ਨਾਲ ਹਲਕੇ ਟੈਂਕਾਂ, ਜਹਾਜ਼ ਵਿਰੋਧੀ ਮਿਜ਼ਾਈਲਾਂ ਅਤੇ ਲੰਬੀ ਦੂਰੀ ਦੇ ਗਾਈਡਡ ਬੰਬਾਂ ਸਮੇਤ ਕਈ ਫ਼ੌਜੀ ਪਲੇਟਫਾਰਮਾਂ (ਫੌਜੀ ਲੋੜਾਂ ਲਈ ਨਿਰਧਾਰਤ ਕੈਰੀਅਰ ਜਾਂ ਵਾਹਨ) ਅਤੇ ਹਥਿਆਰਾਂ ਦੀ ਖਰੀਦ ਨੂੰ ਵਰੀਵਾਰ ਨੂੰ ਮਨਜ਼ੂਰੀ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਗ੍ਰਹਿਣ ਕੌਂਸਲ (ਡੀਏਸੀ) ਨੇ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਯਾਂਗਤਸੇ 'ਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਝੜਪ ਤੋਂ ਬਾਅਦ ਪੈਦਾ ਹੋਈ ਤਣਾਅ ਵਾਲੀ ਸਥਿਤੀ ਤੋਂ ਬਾਅਦ ਆਈ ਹੈ। ਸੂਤਰਾਂ ਨੇ ਕਿਹਾ ਕਿ ਹਲਕੇ ਟੈਂਕ ਅਤੇ 'ਮਾਊਂਟੇਡ ਗਨ ਸਿਸਟਮ' ਨੂੰ ਐੱਲ.ਏ.ਸੀ. ਸਮੇਤ ਉੱਚਾਈ ਵਾਲੀ ਮੋਹਰੀ ਖੇਤਰਾਂ 'ਚ ਤਾਇਨਾਤ ਕੀਤਾ ਜਾਣਾ ਤੈਅ ਹੈ।
ਰੱਖਿਆ ਮੰਤਰਾਲਾ ਨੇ ਕਿਹਾ ਕਿ ਡੀ.ਏ.ਸੀ. ਨੇ 24 ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ, ਜਿਸ 'ਚ ਭਾਰਤੀ ਫ਼ੌਜ ਲਈ 6, ਭਾਰਤੀ ਹਵਾਈ ਫ਼ੌਜ ਲਈ 6, ਭਾਰਤੀ ਜਲ ਸੈਨਾ ਲਈ 10 ਅਤੇ ਭਾਰਤੀ ਤੱਟ ਰੱਖਿਅਕ ਫ਼ੋਰਸ ਲਈ 2 ਸ਼ਾਮਲ ਹਨ, ਖਰੀਦ ਦਾ ਕੁੱਲ ਮੁੱਲ 84,328 ਕਰੋੜ ਰੁਪਏ ਹੋਵੇਗਾ। ਉਸ ਨੇ ਕਿਹਾ ਕਿ ਪ੍ਰਸਤਾਵਾਂ 'ਚ ਇਨਫੈਂਟਰੀ ਲੜਾਕੂ ਵਾਹਨਾਂ ਦੀ ਖਰੀਦ, ਹਲਕੇ ਟੈਂਕਾਂ, ਜਲ ਸੈਨਾ ਦੀ ਜਹਾਜ਼ ਵਿਰੋਧੀ ਮਿਜ਼ਾਈਲ, ਬਹੁ-ਉਦੇਸ਼ੀ ਜਹਾਜ਼ਾਂ, ਮਿਜ਼ਾਈਲ ਪ੍ਰਣਾਲੀਆਂ ਦੀ ਨਵੀਂ ਸ਼੍ਰੇਣੀ, ਲੰਬੀ ਦੂਰੀ ਦੇ ਨਿਰਦੇਸ਼ਿਤ ਬੰਬ ਅਤੇ ਅਗਲੀ ਪੀੜ੍ਹੀ ਦੇ ਗਸ਼ਤੀ ਜਹਾਜ਼ਾਂ ਦੀ ਖਰੀਦ ਸ਼ਾਮਲ ਹੈ। ਮੰਤਰਾਲਾ ਨੇ ਕਿਹਾ ਕਿ 82,127 ਕਰੋੜ ਰੁਪਏ ਦੇ 21 ਪ੍ਰਸਤਾਵਾਂ ਦੀ ਖਰੀਦ ਸਵਦੇਸ਼ੀ ਸਰੋਤਾਂ ਨਾਲ ਕੀਤੀ ਜਾਵੇਗੀ। ਮੰਤਰਾਲਾ ਨੇ ਕਿਹਾ,''ਇਹ ਜ਼ਿਕਰ ਕਰਨਾ ਉੱਚਿਤ ਹੈ ਕਿ 82,127 ਕਰੋੜ ਰੁਪਏ (97.4 ਫੀਸਦੀ) ਦੇ 21 ਪ੍ਰਸਤਾਵਾਂ ਨੂੰ ਸਵਦੇਸ਼ੀ ਸਰੋਤਾਂ ਤੋਂ ਖਰੀਦ ਲਈ ਅਨੁਮੋਦਿਤ ਕੀਤਾ ਗਿਆ ਹੈ। ਡੀ.ਏ.ਸੀ. ਦੀ ਇਹ ਪਹਿਲ ਨਾ ਸਿਰਫ਼ ਹਥਿਆਰਬੰਦ ਫ਼ੋਰਸਾਂ ਦਾ ਆਧੁਨਿਕੀਕਰਨ ਕਰੇਗੀ ਸਗੋਂ 'ਆਤਮਨਿਰਭਰ ਭਾਰਤ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰੱਖਿਆ ਉਦਯੋਗ ਨੂੰ ਵੀ ਪੂਰਾ ਉਤਸ਼ਾਹ ਦੇਵੇਗੀ।'' ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਮਨਜ਼ੂਰ ਕੀਤੇ ਗਏ ਪ੍ਰਸਤਾਵਾਂ 'ਚ ਸਾਡੇ ਫ਼ੌਜੀਆਂ ਲਈ ਬਿਹਤਰ ਸੁਰੱਖਿਆ ਪੱਧਰ ਵਾਲੇ ਬੈਲਿਸਟਿਕ ਹੈਲਮੇਟ ਦੀ ਖਰੀਦ ਵੀ ਸ਼ਾਮਲ ਹੈ।'' ਇਸ 'ਚ ਕਿਹਾ ਗਿਆ ਹੈ,''ਜਲ ਸੈਨਾ ਦੀ ਜਹਾਜ਼ ਵਿਰੋਧੀ ਮਿਜ਼ਾਈਲਾਂ, ਬਹੁ-ਉਦੇਸ਼ੀ ਜਹਾਜ਼ਾਂ ਅਤੇ ਉੱਚ ਸਮਰੱਥਾ ਵਾਲੇ ਆਟੋਨੋਮਸ ਵਾਹਨਾਂ ਦੀ ਖਰੀਦ ਲਈ ਮਨਜ਼ੂਰੀ ਭਾਰਤੀ ਜਲ ਸੈਨਾ ਦੀਆਂ ਸਮਰੱਥਾਵਾਂ ਨੂੰ ਉਤਸ਼ਾਹ ਦੇਣ ਵਾਲੀ ਸਮੁੰਦਰੀ ਤਾਕਤ ਨੂੰ ਹੋਰ ਵਧਾਏਗੀ।'' ਦੱਸਣਯੋਗ ਹੈ ਕਿ ਭਾਰਤ ਪੂਰਬੀ ਲੱਦਾਖ 'ਚ ਹੋਏ ਵਿਵਾਦ ਤੋਂ ਬਾਅਦ ਐੱਲ.ਏ.ਸੀ. ਨੇੜੇ ਤਾਇਨਾਤ ਹਥਿਆਰਬੰਦ ਫ਼ੋਰਸਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।