ਨਕਸਲਵਾਦ ਨੂੰ ਮਾਤ: ਛੱਤੀਸਗੜ੍ਹ ਦਾ ਅਜਿਹਾ ਪਿੰਡ ਜਿੱਥੇ ਨਹੀਂ ਸੀ ਕਦੇ ਸੜਕ, ਅੱਜ ਬੱਚੇ ਪੜ੍ਹ ਰਹੇ ਅੰਗਰੇਜ਼ੀ
Wednesday, Dec 07, 2022 - 01:18 PM (IST)
ਸੁਕਮਾ- ਛੱਤੀਸਗੜ੍ਹ ਦੇ ਦੱਖਣੀ ਬਸਤਰ ਖੇਤਰ ਵਿਚ ਹੁਣ ਸਿੱਖਿਆ ਪ੍ਰਤੀ ਰੁਝਾਨ ਨੂੰ ਵੇਖਦੇ ਹੋਏ ਅਤਿ-ਸੰਵੇਦਨਸ਼ੀਲ ਇਲਾਕਿਆਂ ’ਚ ਲਗਾਤਾਰ ਸਕੂਲ ਖੁੱਲ੍ਹਣ ਦਰਮਿਆਨ ਛੋਟੇ-ਛੋਟੇ ਬੱਚੇ ਵੀ ਅੰਗਰੇਜ਼ੀ ਪੜ੍ਹ ਰਹੇ ਹਨ। ਅਧਿਕਾਰਤ ਜਾਣਕਾਰੀ ਮੁਤਾਬਕ ਸੁਕਮਾ ਜ਼ਿਲ੍ਹਾ ਹੈੱਡਕੁਆਰਟਰ ਤੋਂ 72 ਕਿਲੋਮੀਟਰ ਦੀ ਦੂਰੀ ’ਤੇ ਵੱਸਿਆ ਪੋਟਕਪੱਲੀ ਪਿੰਡ ਨਕਸਲੀਆਂ ਦੀ ਦਹਿਸ਼ਤ ਕਾਰਨ ਹੁਣ ਤੱਕ ਸਿੱਖਿਆ ਦੇ ਖੇਤਰ ਤੋਂ ਦੂਰ ਸੀ। ਹੁਣ ਪਿੰਡ ਵਿਚ ਸਕੂਲ ਖੁੱਲ੍ਹਿਆ ਅਤੇ ਬੱਚਿਆਂ ਨੇ ਪੜ੍ਹਾਈ ਸ਼ੁਰੂ ਕੀਤੀ ਹੈ।
ਨਕਸਲ ਪ੍ਰਭਾਵਿਤ ਖੇਤਰ ਦੇ ਬੱਚੇ ਅੰਗਰੇਜ਼ੀ ਪੜ੍ਹ ਰਹੇ ਹਨ। ਪਿੰਡ ਦੇ ਮੁਖੀ ਹਿੜਮਾ ਜੋਗੀ ਨੇ ਦੱਸਿਆ ਕਿ ਇਕ ਸਮਾਂ ਸੀ, ਜਦੋਂ ਇਸ ਪਿੰਡ ਤੱਕ ਪਹੁੰਚ ਸਕਣਾ ਮੁਸ਼ਕਲ ਸੀ। ਪਿੰਡ ਤੱਕ ਪਹੁੰਚਣ ਲਈ ਸੜਕ ਮਾਰਗ ਵੀ ਨਹੀਂ ਸੀ। ਸਭ ਤੋਂ ਪਹਿਲਾਂ ਸੁਰੱਖਿਆ ਫੋਰਸਾਂ ਨੇ ਅਣਥੱਕ ਮਿਹਨਤ ਕਰ ਕੇ ਕੈਂਪ ਸਥਾਪਤ ਕੀਤਾ। ਫਿਰ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਦੀ ਕੋਸ਼ਿਸ਼ ਸਦਕਾ ਪਿੰਡ ਤੱਕ ਸੜਕ ਨਿਰਮਾਣ ਦਾ ਕੰਮ ਸਖ਼ਤ ਸੁਰੱਖਿਆ ਦਰਮਿਆਨ ਪੂਰਾ ਹੋਇਆ।
ਪਿੰਡ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਖੋਲ੍ਹਿਆ ਅਤੇ ਅਧਿਆਪਕ ਦੀ ਨਿਯੁਕਤੀ ਕੀਤੀ। ਇਸ ਦਾ ਅਸਰ ਦਿੱਸਿਆ ਕਿ ਹੁਣ ਇੱਥੇ ਬੱਚੇ ਜੋ ਸਕੂਲ ਜਾਣ ਤੋਂ ਪਹਿਲਾਂ ਵਾਂਝੇ ਸਨ, ਉਹ ਹੁਣ ਅੰਗਰੇਜ਼ੀ ਪੜ੍ਹ ਰਹੇ ਹਨ। ਇਸ ਪਿੰਡ ’ਚ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਦੀ ਕੋਸ਼ਿਸ਼ ਨਾਲ ਆਜ਼ਾਦੀ ਮਗਰੋਂ ਪਹਿਲੀ ਵਾਰ ਬਿਜਲੀ ਵੀ ਪਹੁੰਚੀ ਹੈ। ਸੁਰੱਖਿਆ ਫੋਰਸ ਦੇ ਜਵਾਨ ਨਕਸਲੀਆਂ ਨਾਲ ਲੋਹਾ ਲੈਣ ਦੇ ਨਾਲ-ਨਾਲ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਨ।