ਦੀਪਿਕਾ ਆਜ਼ਾਦ ਹੈ, ਅਸੀਂ ਫਿਲਮ ਦਾ ਬਾਈਕਾਟ ਨਹੀਂ ਕਰਾਂਗੇ

01/08/2020 4:09:04 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਜੇ.ਐੱਨ.ਯੂ. ਕੈਂਪਸ ਜਾਣ ਦੇ ਨਾਲ ਹੀ ਕੁਝ ਸੰਗਠਨਾਂ ਨੇ ਉਨ੍ਹਾਂ ਦੀ ਫਿਲਮ 'ਛਪਾਕ' ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਿਸੇ ਵੀ ਸੰਸਥਾ 'ਚ ਜਾਣ ਲਈ ਦੀਪਿਕਾ ਆਜ਼ਾਦ ਹੈ ਅਤੇ ਅਸੀਂ ਫਿਲਮ ਦਾ ਬਾਈਕਾਟ ਨਹੀਂ ਕਰਾਂਗੇ। ਦੀਪਿਕਾ ਨੇ ਜੇ.ਐੱਨ.ਯੂ. ਹਿੰਸਾ 'ਚ ਜ਼ਖਮੀ ਵਿਦਿਆਰਥੀ ਸੰਘ ਪ੍ਰਧਾਨ ਆਇਸ਼ੀ ਘੋਸ਼ ਨਾਲ ਮੁਲਾਕਾਤ ਕੀਤੀ ਸੀ ਅਤੇ 10 ਮਿੰਟ ਤੱਕ ਉਹ ਕੈਂਪਸ 'ਚ ਰਹੀ। ਇਸ ਤੋਂ ਬਾਅਦ ਭਾਜਪਾ ਦੇ ਹੀ ਕਈ ਨੇਤਾਵਾਂ ਅਤੇ ਸਮਰਥਕਾਂ ਨੇ ਉਨ੍ਹਾਂ ਦੀ ਫਿਲਮ 'ਛਪਾਕ' ਦੇ ਬਾਇਕਾਟ ਦੀ ਅਪੀਲ ਕੀਤੀ ਸੀ।

ਹਿੰਦੁਸਤਾਨ ਦਾ ਹਰ ਨਾਗਰਿਕ ਕਿਤੇ ਵੀ ਆਉਣ-ਜਾਣ ਆਜ਼ਾਦ
ਟਵਿੱਟਰ 'ਤੇ ਦੀਪਿਕਾ ਦੀ ਫਿਲਮ ਦੇ ਬਾਈਕਾਟ ਦਾ ਮੈਸੇਜ ਮੰਗਲਵਾਰ ਨੂੰ ਟਰੈਂਡ ਕਰ ਰਿਹਾ ਸੀ। ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਸਿੰਘ ਪਾਲ ਬੱਗਾ ਨੇ ਦੀਪਿਕਾ ਨੂੰ ਦੇਸ਼ਵਿਰੋਧੀ ਤਾਕਤਾਂ ਦਾ ਸਮਰਥਨ ਕਰਨ ਵਾਲਾ ਦੱਸਿਆ ਅਤੇ ਉਨ੍ਹਾਂ ਦੀਆਂ ਫਿਲਮਾਂ ਦੇ ਬਾਈਕਾਟ ਦੀ ਮੰਗ ਕੀਤੀ ਸੀ। ਦੱਖਣੀ ਦਿੱਲੀ ਤੋਂ ਸੰਸਦ ਮੈਂਬਰ ਰਮੇਸ਼ ਬਿਥੂੜੀ ਨੇ ਵੀ ਦੀਪਿਕਾ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਟੁੱਕੜੇ-ਟੁੱਕੜੇ ਗੈਂਗ ਦਾ ਸਮਰਥਕ ਦੱਸਿਆ। ਪ੍ਰਕਾਸ਼ ਜਾਵਡੇਕਰ ਨੇ ਅਜਿਹੇ ਬਿਆਨ ਤੋਂ ਪਾਰਟੀ ਨੂੰ ਵੱਖ ਕਰਦੇ ਹੋਏ ਕਿਹਾ,''ਭਾਰਤ ਦੀ ਆਜ਼ਾਦ ਨਾਗਰਿਕ ਹੋਣ ਦੇ ਨਾਤੇ ਦੀਪਿਕਾ ਪਾਦੁਕੋਣ ਕਿਤੇ ਵੀ ਆਉਣ-ਜਾਣ ਲਈ ਆਜ਼ਾਦ ਹੈ। ਸਿਰਫ਼ ਕਲਾਕਾਰ ਹੀ ਨਹੀਂ ਹਿੰਦੁਸਤਾਨ ਦਾ ਹਰ ਆਜ਼ਾਦ ਨਾਗਰਿਕ ਕਿਤੇ ਵੀ ਆਉਣ-ਜਾਣ ਅਤੇ ਵਿਚਾਰਾਂ ਨੂੰ ਜ਼ਾਹਰ ਕਰਨ ਲਈ ਆਜ਼ਾਦ ਹੈ। ਅਸੀਂ ਉਨ੍ਹਾਂ ਦੀ ਫਿਲਮ ਦਾ ਬਾਈਕਾਟ ਕਰਨ ਦਾ ਸਮਰਥਨ ਨਹੀਂ ਕਰਦੇ ਹਾਂ। ਇਹ ਸਾਡੀ ਸੰਸਕ੍ਰਿਤੀ ਵਿਰੁੱਧ ਹੈ।''

ਆਇਸ਼ੀ ਘੋਸ਼ ਨੂੰ ਮਿਲੀ ਸੀ ਦੀਪਿਕਾ
ਜੇ.ਐੱਨ.ਯੂ. ਹਿੰਸਾ ਵਿਰੁੱਧ ਦਿੱਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਪ੍ਰਦਰਸ਼ਨ ਹੋ ਰਹੇ ਹਨ। ਇਕ ਦਿਨ ਪਹਿਲਾਂ ਮੁੰਬਈ 'ਚ ਕਈ ਫਿਲਮੀ ਹਸਤੀਆਂ ਸੜਕ 'ਤੇ ਉਤਰੀਆਂ ਸਨ ਤਾਂ ਮੰਗਲਵਾਰ ਨੂੰ ਦਿੱਲੀ 'ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਹੋ ਰਹੇ ਖੱਬੇ ਪੱਖੀ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਚ ਫਿਲਮ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਸ਼ਾਮਲ ਹੋਈ। ਉਹ ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਮਿਲੀ। ਦੱਸਣਯੋਗ ਹੈ ਕਿ ਹਿੰਸਾ ਦੌਰਾਨ ਨਕਾਬਪੋਸ਼ ਹੰਗਾਮਾਕਾਰੀਆਂ ਦੇ ਹਮਲੇ 'ਚ ਆਇਸ਼ੀ ਦੇ ਸਿਰ 'ਤੇ ਸੱਟ ਲੱਗੀ ਸੀ।


DIsha

Content Editor

Related News