PM ਮੋਦੀ ਦੇ ''ਪਰੀਕਸ਼ਾ ਪੇ ਚਰਚਾ'' ਪ੍ਰੋਗਰਾਮ ''ਚ ਸ਼ਾਮਲ ਹੋਣਗੇ ਦੀਪਿਕਾ ਪਾਦੂਕੋਣ, ਮੈਰੀਕਾਮ
Thursday, Feb 06, 2025 - 12:25 PM (IST)
![PM ਮੋਦੀ ਦੇ ''ਪਰੀਕਸ਼ਾ ਪੇ ਚਰਚਾ'' ਪ੍ਰੋਗਰਾਮ ''ਚ ਸ਼ਾਮਲ ਹੋਣਗੇ ਦੀਪਿਕਾ ਪਾਦੂਕੋਣ, ਮੈਰੀਕਾਮ](https://static.jagbani.com/multimedia/2025_2image_12_24_316874952marry.jpg)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਲਾਨਾ 'ਪਰੀਕਸ਼ਾ ਪੇ ਚਰਚਾ' ਸਮਾਗਮ ਦਾ 8ਵਾਂ ਆਡੀਸ਼ਨ ਇਕ ਵੱਖਰੇ ਫਾਰਮੈਟ 'ਚ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਅਭਿਨੇਤਰੀ ਦੀਪਿਕਾ ਪਾਦੁਕੋਣ, 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ.ਸੀ. ਮੈਰੀਕਾਮ ਅਤੇ ਅਧਿਆਤਮਿਕ ਨੇਤਾ ਸਦਗੁਰੂ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ 10 ਫਰਵਰੀ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦੇ ਕੁੱਲ 8 ਐਪੀਸੋਡ ਹੋਣਗੇ, ਜਿਸ 'ਚ ਮਾਹਰ ਵਿਦਿਆਰਥੀਆਂ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ "ਪ੍ਰੀਖਿਆ ਵਾਰੀਅਰਜ਼" (ਪ੍ਰੀਖਿਆ ਨੂੰ ਲੈ ਕੇ ਤਣਾਅ ਵਿਚ ਘਿਰੇ ਰਹਿਣ ਵਾਲੇ) ਤੋਂ "ਪ੍ਰੀਖਿਆ ਵਾਰੀਅਰਜ਼" ( ਤਣਾਅ ਮੁਕਤ ਪ੍ਰੀਖਿਆ ਦੇਣ ਵਾਲੇ) ਬਣਨ ਦੇ ਉਪਾਅ ਸੁਝਾਏ ਜਾਣਗੇ।
ਸੂਤਰਾਂ ਮੁਤਾਬਕ ਇਸ ਸਮਾਗਮ 'ਚ ਪੈਰਾਲੰਪਿਕ ਸੋਨ ਤਮਗਾ ਜੇਤੂ ਅਵਨੀ ਲੇਖਰਾ, ਮਸ਼ਹੂਰ ਪੋਸ਼ਣ ਵਿਗਿਆਨੀ ਰੁਜੁਤਾ ਦਿਵੇਕਰ, ਸੋਨਾਲੀ ਸੱਭਰਵਾਲ, 'ਸਿਹਤ ਪ੍ਰਭਾਵਕ' ਫੂਡ ਫਾਰਮਰ, ਅਭਿਨੇਤਾ ਵਿਕਰਾਂਤ ਮੈਸੀ, ਅਦਾਕਾਰਾ ਭੂਮੀ ਪੇਡਨੇਕਰ ਅਤੇ ਯੂਟਿਊਬਰਜ਼ ਟੈਕਨੀਕਲ ਗੁਰੂ ਜੀ ਅਤੇ ਰਾਧਿਕਾ ਗੁਪਤਾ ਵੀ ਸ਼ਾਮਲ ਹੋਣਗੇ। 'ਪਰੀਕਸ਼ਾ ਪੇ ਚਰਚਾ' ਇਕ ਸਾਲਾਨਾ ਸਮਾਗਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਬੋਰਡ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ।
ਪ੍ਰੋਗਰਾਮ ਦੌਰਾਨ, ਉਹ ਪ੍ਰੀਖਿਆ ਤਣਾਅ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ। ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਇਸ ਗੱਲਬਾਤ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਫਰਵਰੀ 2018 'ਚ ਤਾਲਕਟੋਰਾ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ ਸੀ। 'ਪਰੀਕਸ਼ਾ ਪੇ ਚਰਚਾ' ਦਾ 7ਵਾਂ ਐਡੀਸ਼ਨ ਭਾਰਤ ਮੰਡਪਮ, ਪ੍ਰਗਤੀ ਮੈਦਾਨ ਵਿਖੇ ਟਾਊਨ ਹਾਲ ਫਾਰਮੈਟ 'ਚ ਕਰਵਾਇਆ ਗਿਆ, ਜਿਸ 'ਚ ਦੇਸ਼-ਵਿਦੇਸ਼ ਤੋਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।