‘ਅਗਨੀਪਥ’ ਯੋਜਨਾ ਨੂੰ ਲੈ ਕੇ ਦੀਪੇਂਦਰ ਹੁੱਡਾ ਦਾ ਕੇਂਦਰ ’ਤੇ ਹਮਲਾ, ਕਿਹਾ- ਸਰਕਾਰ ਨਕਲਚੀ ਬਾਂਦਰ ਬਣੀ

06/26/2022 5:48:42 PM

ਜੈਪੁਰ– ਫੌਜ ’ਚ ਠੇਕੇ ’ਤੇ ਭਰਤੀ ਦੀ ਯੋਜਨਾ ‘ਅਗਨੀਪਥ’ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਾਂਗਰਸ ਪਾਰਟੀ ਦੇ ਹਰਿਆਣਾ ਤੋਂ ਰਾਜ ਸਭਾ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨੇ ਨਕਲਚੀ ਬਾਂਦਰ ਦਾ ਰੂਪ ਲੈ ਲਿਆ ਹੈ। ਪ੍ਰਦੇਸ਼ ਕਾਂਗਰਸ ਦਫਤਰ ’ਤੇ ਕਾਨਫਰੰਸ ਦੌਰਾਨ ਹੁੱਡਾ ਨੇ ਕਿਹਾ ਕਿ ਇਸ ਸਰਕਾਰ ਨੇ ਨਕਲਚੀ ਬਾਂਦਰ ਦਾ ਰੂਪ ਲੈ ਲਿਆ ਹੈ, ਕਦੇ ਅਮਰੀਕਾ ਤੋਂ ਲਿਆ ਰਹੇ ਹਨ,ਕਦੇ ਇਜ਼ਰਾਈਲ ਤੋਂ ਲਿਆ ਰਹੇ ਹਨ ਪਰ ਹਿੰਦੁਸਤਾਨ ’ਚ ਹਿੰਦੁਸਤਾਨ ਦੇ ਲੋਕਾਂ ਦੇ ਅਨੁਕੂਲ ਜੋ ਨੀਤੀਆਂ ਹਨ, ਓਹੀ ਚੱਲਣਗੀਆਂ, ਬਾਹਰੀ ਨੀਤੀਆਂ ਨਹੀਂ ਚੱਲਣਗੀਆਂ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਅਗਨੀਪਥ ਯੋਜਨਾ ਨੂੰ ਲੈ ਕੇ ਇਜ਼ਰਾਈਨ ਦਾ ਉਦਾਹਰਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਜਦੋਂ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ, ਉਦੋਂ ਵੀ ਕਿਹਾ ਸੀ ਕਿ ਅਮਰੀਕਾ ’ਚ ਇਸੇ ਰੂਪ ’ਚ ਕਾਰਪੋਰੇਟ ਸੈਕਟਰ ਖੇਤੀ ਖੇਤਰ ’ਚ ਹੈ। ਹੁੱਡਾ ਨੇ ਕਿਹਾ ਕਿ ਅਮਰੀਕਾ ਨਹੀਂ.. ਹਿੰਦੁਸਤਾਨ ਅਲੱਗ ਹੈ.. ਹਾਲਾਤ ਅਲੱਗ ਹੈ.. ਤੁਸੀਂ ਇਸ ਦੇਸ਼ ਨੂੰ ਸਮਝੋ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿੰਦੁਸਤਾਨ ਦੇ ਹਾਲਾਤ ਨੂੰ ਵੇਖਦੇ ਹੋਏ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਪ੍ਰਣਾਲੀ ਅਤੇ ਮੰਡੀ ਪ੍ਰਣਾਲੀ ਨੂੰ ਵਿਕਸਿਤ ਕਰਨ ਦਾ ਕੰਮ ਕੀਤਾ ਸੀ। 

ਹੁੱਡਾ ਨੇ ਕਿਹਾ ਕਿ ਪਹਿਲਾਂ ਕਹਿ ਰਹੇ ਸੀ ਕਿ ਖੇਤੀ ਕਾਨੂੰਨਾਂ ਨੂੰ ਅਮਰੀਕਾ ਤੋਂ ਲੈ ਕੇ ਆਏ ਹਾਂ, ਹੁਣ ਕਹਿ ਰਹੇ ਹਨ ਕਿ ਇਜ਼ਰਾਈਲ ’ਚ ਅਜਿਹਾ ਹੈ। ਹੁੱਡਾ ਨੇ ਸਾਫ ਕੀਤਾ ਕਿ ਇਜ਼ਰਾਈਲ ਛੋਟਾ ਮੁਲਕ ਹੈ, ਜਿੱਥੇ ਬੇਰੁਜ਼ਗਾਰੀ ਨਹੀਂ ਹੈ ਅਤੇ 100 ਫੀਸਦੀ ਰੁਜ਼ਗਾਰ ਹੈ ਅਤੇ ਉਥੇ ਕੋਈ ਵੀ ਆਪਣੀ ਮਰਜ਼ੀ ਨਾਲ ਫੌਜ ਵਿਚ ਭਰਤੀ ਨਹੀਂ ਹੋਣਾ ਚਾਹੁੰਦਾ। ਹੁੱਡਾ ਮੁਤਾਬਕ, ਭਾਵਨਾ ਦੇ ਪੱਧਰ ’ਤੇ ਵੀ ਹਿੰਦੁਸਤਾਨ ਅਤੇ ਇਜ਼ਰਾਈਲ ’ਚ ਫਰਕ ਹੈ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਫੌਜ ਦੇ ਜਵਾਨਾਂ ਨੂੰ ਕਮਜ਼ੋਰ ਕਰੇਗੀ ਅਤੇ ਇਸ ਯੋਜਨਾ ਨੇ ਫੌਜ ’ਚ ਸ਼ਾਮਿਲ ਹੋਣ ਦੇ ਇੱਛੁਕ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। 


Rakesh

Content Editor

Related News