ਕੋਰੋਨਾ ਹੋਣ ਦੇ ਸ਼ੱਕ ''ਚ ਕੁੜੀ ਨੂੰ ਜ਼ਬਰਦਸਤੀ ਬੱਸ ''ਚੋਂ ਉਤਾਰਿਆ, ਹੋਈ ਮੌਤ

7/14/2020 4:36:15 PM

ਮਥੁਰਾ (ਭਾਸ਼ਾ)— ਦਿੱਲੀ ਤੋਂ ਫਿਰੋਜ਼ਾਬਾਦ ਜਾ ਰਹੀ ਬੀਮਾਰ ਕੁੜੀ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਸ਼ੱਕ 'ਚ ਬੱਸ 'ਚੋਂ ਰਾਹ 'ਚ ਹੀ ਉਤਾਰ ਦਿੱਤੇ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਬੱਸ ਦੇ ਕੰਡਕਟਰ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਆਪਣੇ ਧਿਆਨ 'ਚ ਲੈ ਕੇ ਮਥੁਰਾ ਦੇ ਐੱਸ. ਐੱਸ. ਪੀ. ਨੂੰ ਨੋਟਿਸ ਦਿੱਤਾ ਸੀ ਅਤੇ ਕਾਰਵਾਈ ਕਰਨ ਨੂੰ ਕਿਹਾ ਸੀ। 

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਨਗਲਾ ਹੀਰਾ ਸਿੰਘ ਪਿੰਡ ਵਾਸੀ ਸੁਸ਼ੀਲ ਕੁਮਾਰ ਦੀ ਪਤਨੀ ਸਰਵੇਸ਼ ਕੁਮਾਰੀ ਆਪਣੀ 19 ਸਾਲਾ ਧੀ ਅੰਸ਼ਿਕਾ ਨਾਲ ਉੱਤਰ ਪ੍ਰਦੇਸ਼ ਟਰਾਂਸਪੋਰਟ ਨਿਗਮ ਦੀ ਬੱਸ 'ਚ ਸਵਾਰ ਹੋ ਕੇ ਦਿੱਲੀ ਤੋਂ ਆਪਣੇ ਪਿੰਡ ਪਰਤ ਰਹੀ ਸੀ। ਅੰਸ਼ਿਕਾ ਨੂੰ ਰਾਹ 'ਚ ਘਬਰਾਹਟ ਹੋਣ ਲੱਗੀ, ਤਾਂ ਬੱਸ ਦੇ ਕੰਡਕਟਰ ਨੇ ਉਸ ਨੂੰ ਕੋਰੋਨਾ ਪੀੜਤ ਹੋਣ ਦੇ ਸ਼ੱਕ ਵਿਚ ਮਾਂ-ਧੀ ਨੂੰ ਟੋਲ ਪਲਾਜ਼ਾ ਨੇੜੇ ਜ਼ਬਰਦਸਤੀ ਹੇਠਾਂ ਉਤਾਰ ਦਿੱਤਾ ਅਤੇ ਇਸ ਦੌਰਾਨ ਅੰਸ਼ਿਕਾ ਦੀ ਕਥਿਤ ਰੂਪ ਨਾਲ ਸਿਰ 'ਤੇ ਸੱਟ ਲੱਗਣ ਨਾਲ ਮੌਤ ਹੋ ਗਈ। 

ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨੇ ਘਟਨਾ ਨੂੰ ਧਿਆਨ 'ਚ ਲੈਂਦੇ ਹੋਏ ਐੱਸ. ਐੱਸ. ਪੀ. ਨੂੰ ਨੋਟਿਸ ਭੇਜ ਕੇ ਇਸ ਮਾਮਲੇ 'ਚ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਮਾਂਟ ਥਾਣਾ ਮੁਖੀ ਇੰਸਪੈਕਟਰ ਭੀਮ ਸਿੰਘ ਜਾਵਲਾ ਨੇ ਦੱਸਿਆ ਕਿ ਕੁੜੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਬੱਸ ਕੰਡਕਟਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tanu

Content Editor Tanu