''ਟੀਕਾ ਲੱਗਣ ਦੇ ਚਾਰ ਦਿਨ ਬਾਅਦ ਮੌਤ ਨੂੰ ਵੈਕਸੀਨ ਨਾਲ ਨਹੀਂ ਜੋੜਿਆ ਜਾ ਸਕਦਾ''
Monday, Mar 01, 2021 - 08:00 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯਾਨੀ ਕਿ ਅੱਜ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਸਵੇਰੇ-ਸਵੇਰੇ ਏਮਜ਼ ਪਹੁੰਚ ਕੇ ਪੀ.ਐੱਮ. ਮੋਦੀ ਨੇ ਟੀਕਾ ਲਗਵਾਇਆ। ਪੀ.ਐੱਮ. ਨੂੰ ਭਾਰਤ ਬਾਇਓਟੈਕ ਦੀ ਬਣਾਈ Covaxin ਦਾ ਟੀਕਾ ਲਗਾਇਆ ਗਿਆ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ। ਹੁਣ ਇਸ ਨਾਲ ਸਬੰਧਿਤ ਹਰ ਤਰ੍ਹਾਂ ਦਾ ਗਲਤ ਪ੍ਰਚਾਰ ਖ਼ਤਮ ਹੋ ਜਾਵੇਗਾ। ਹਰਸ਼ਵਰਧਨ ਨੇ ਕਿਹਾ ਕਿ ਮੈਂ ਅੱਜ ਆਪਣੀ ਬੁਕਿੰਗ ਕਰਾਂਗਾ ਅਤੇ ਕੱਲ ਮੇਰੀ ਵੈਕਸੀਨ ਲੈਣ ਦੀ ਯੋਜਨਾ ਹੈ। ਤੁਹਾਨੂੰ ਦੱਸ ਦਈਏ ਕਿ ਟੀਕਾਕਰਣ ਦਾ ਦੂਜਾ ਪੜਾਅ ਅੱਜ ਤੋਂ ਹੀ ਸ਼ੁਰੂ ਹੋਇਆ ਹੈ।
ਡਾ. ਹਰਸ਼ਵਰਧਨ ਨੇ ਕਿਹਾ ਕਿ ਵੈਕਸੀਨ ਬਾਰੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਰੱਖੋ। ਇਸ ਦੇ ਸਾਈਡ ਇਫੈਕਟ ਨਾ ਦੇ ਬਰਾਬਰ ਹਨ। ਟੀਕਾਕਰਣ ਕਾਰਨ ਹੁਣ ਤੱਕ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਟੀਕਾਕਰਣ ਦੇ ਕੁੱਝ ਦਿਨ ਬਾਅਦ ਕੋਈ ਮੌਤ ਹੋਈ ਹੈ ਤਾਂ ਉਸ ਨੂੰ ਤੁਸੀਂ ਟੀਕਾਕਰਣ ਨਾਲ ਨਹੀਂ ਜੋੜ ਸਕਦੇ ਕਿਉਂਕਿ ਹਰ ਮੌਤ ਦੀ ਜਾਂਚ ਵਿਗਿਆਨੀ ਨਜ਼ਰ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਦੇ 4 ਜਾਂ 10 ਦਿਨ ਬਾਅਦ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਨੂੰ ਟੀਕੇ ਨੂੰ ਜ਼ਿੰਮੇਦਾਰ ਨਾ ਮੰਨੋ। ਮਾਹਰਾਂ ਨੇ ਇਸ ਗੱਲ ਦੀ ਪੜਤਾਲ ਕੀਤੀ ਹੈ, ਹੁਣ ਤੱਕ ਕੋਰੋਨਾ ਦੀ ਵੈਕਸੀਨ ਲੱਗਣ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ।
ਹਰਸ਼ਵਰਧਨ ਨੇ ਕਿਹਾ ਕਿ ਵੈਕਸੀਨ ਲਗਾਉਣ ਤੋਂ ਬਾਅਦ ਸੋਜ ਜਾਂ ਬੁਖਾਰ ਵਰਗੇ ਲੱਛਣ ਕਾਫ਼ੀ ਘੱਟ ਹਨ। ਉਨ੍ਹਾਂ ਅੱਗੇ ਕਿਹਾ ਕਿ ਵੈਕਸੀਨ ਲਗਾਉਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ 0.0004 ਹਨ ਜੋ ਕਿ ਬਿਲਕੁੱਲ ਨਾ ਦੇ ਬਰਾਬਰ ਹੈ। ਤੁਹਾਨੂੰ ਦੱਸ ਦੇਈਏ ਕਿ ਪੀ.ਐੱਮ. ਮੋਦੀ ਤੋਂ ਬਾਅਦ ਅੱਜ ਹੀ ਉਪਰਾਸ਼ਟਰਪਤੀ ਵੈਂਕਈਆ ਨਾਇਡੂ, ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਟੀਕਾ ਲਗਵਾਇਆ ਹੈ।