ਦਿੱਲੀ ਫਿਰ ਸ਼ਰਮਸਾਰ: DCW ਵਲੰਟੀਅਰ ਨੂੰ ਕੁੱਟਿਆ, ਕੱਪੜੇ ਉਤਾਰ ਡੇਢ ਘੰਟੇ ਤੱਕ ਕਰਵਾਈ ਪਰੇਡ
Friday, Dec 08, 2017 - 11:31 AM (IST)

ਨਵੀਂ ਦਿੱਲੀ— ਬਾਹਰੀ ਦਿੱਲੀ ਦੇ ਨਰੇਲਾ 'ਚ ਗੈਰ-ਕਾਨੂੰਨੀ ਸ਼ਰਾਬ ਦੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਦਿੱਲੀ ਮਹਿਲਾ ਕਮਿਸ਼ਨ ਦੀ ਮਦਦ ਕਰਨ ਵਾਲੀ ਔਰਤ ਦੀ ਇਲਾਕੇ ਦੀਆਂ ਹੀ ਹੋਰ ਔਰਤਾਂ ਨੇ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਇੰਨਾ ਹੀ ਨਹੀਂ ਕਰੀਬ ਡੇਢ ਘੰਟੇ ਤੱਕ ਪੀੜਤ ਔਰਤ ਨੂੰ ਬਿਨਾਂ ਕੱਪੜਿਆਂ ਦੇ ਹੀ ਪਰੇਡ ਵੀ ਕਰਵਾਈ ਗਈ। ਜਿਨ੍ਹਾਂ ਔਰਤਾਂ ਨੇ ਇਹ ਸਾਰੀਆਂ ਹਰਕਤਾਂ ਕੀਤੀਆਂ ਹਨ, ਉਹ ਗੈਰ-ਕਾਨੂੰਨੀ ਸ਼ਰਾਬ ਵੇਚਣ 'ਚ ਸ਼ਾਮਲ ਦੱਸੀ ਜਾਂਦੀ ਹੈ।
ਕੇਜਰੀਵਾਲ ਨੇ ਘਟਨਾ ਨੂੰ ਦੱਸਿਆ ਸ਼ਰਮਸਾਰ
ਘਟਨਾ ਨੂੰ ਹੈਰਾਨ ਕਰਨ ਵਾਲਾ ਅਤੇ ਸ਼ਰਮਨਾਕ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਅਨਿਲ ਬੈਜ਼ਲ ਨੂੰ ਮਾਮਲੇ 'ਚ ਦਖਲ ਦੇਣ ਅਤੇ ਉਨ੍ਹਾਂ ਸਥਾਨਕ ਪੁਲਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੇ ਗਿਰੋਹ ਚਲਾਉਣ ਵਾਲਿਆਂ ਨਾਲ ਕਥਿਤ ਤੌਰ 'ਤੇ ਮਿਲੀਭਗਤ ਕੀਤੀ ਹੈ। ਪੁਲਸ ਨੇ ਘਟਨਾ 'ਚ ਸ਼ਾਮਲ ਔਰਤਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ।
ਦੋਸ਼ੀਆਂ ਨੇ ਔਰਤ ਦਾ ਬਣਾਇਆ ਵੀਡੀਓ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੋਸ਼ ਲਗਾਇਆ ਕਿ ਨਰੇਲਾ 'ਚ ਨਿਰੀਖਣ ਦੌਰਾਨ ਕਮਿਸ਼ਨ ਨੂੰ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਵੇਚੇ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਉਸ 'ਤੇ 25 ਤੋਂ ਵਧ ਲੋਕਾਂ ਦੀ ਭੀੜ ਨੇ ਲੋਹੇ ਦੀਆਂ ਛੜਾਂ ਨਾਲ ਹਮਲਾ ਕੀਤਾ। ਸਵਾਤੀ ਨੇ ਦੱਸਿਆ ਕਿ ਉਸ ਦੇ ਕੱਪੜਿਆਂ ਨੂੰ ਪਾੜ ਦਿੱਤਾ ਅਤੇ ਇਲਾਕੇ 'ਚ ਉਸ ਨੂੰ ਨੰਗੇ ਕਰ ਕੇ ਘੁੰਮਾਇਆ ਅਤੇ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਵੀਡੀਓ 'ਚ ਇਨ੍ਹਾਂ ਅਪਰਾਧੀਆਂ ਵੱਲੋਂ ਇਲਾਕੇ 'ਚ ਸਾਂਝਾ ਕੀਤਾ ਗਿਆ। ਸਵਾਤੀ ਨੇ ਕਿਹਾ ਕਿ ਘਟਨਾ ਖੇਤਰ 'ਚ ਪੂਰੀ ਅਰਾਜਕਤਾ ਅਤੇ ਕਾਨੂੰਨ ਦੇ ਪ੍ਰਤੀ ਕੋਈ ਡਰ ਨਾ ਹੋਣ ਨੂੰ ਸਾਬਤ ਕਰਦੀ ਹੈ ਅਤੇ ਇਹ ਹੈਰਾਨ ਕਰਨ ਵਾਲਾ ਹੈ ਕਿ ਪੁਲਸ ਨੇ ਔਰਤ ਦੀ ਰੱਖਿਆ ਲਈ ਕੋਈ ਕਾਰਵਾਈ ਨਹੀਂ ਕੀਤੀ।
ਪੀੜਤਾ ਨੇ ਦੱਸੀ ਆਪਬੀਤੀ
ਸਵਾਤੀ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਪੀੜਤਾ ਦੋਸ਼ ਲਗਾ ਰਹੀ ਹੈ ਕਿ ਸ਼ਰਾਬ ਮਾਫੀਆ ਦੇ ਖਿਲਾਫ ਆਵਾਜ਼ ਨਾ ਚੁੱਕਣ ਲਈ ਉਸ ਨੂੰ ਧਮਕੀ ਦਿੱਤੀ ਗਈ ਹੈ। ਪੀੜਤਾ ਨੇ ਵੀਡੀਓ 'ਚ ਸਿਸਕੀਆਂ ਭਰਦੇ ਹੋਏ ਕਿਹਾ,''ਮੈਨੂੰ ਖਿੱਚਿਆ ਗਿਆ ਅਤੇ ਕੱਪੜੇ ਪਾੜ ਦਿੱਤੇ ਗਏ। ਇਕ ਪੁਲਸ ਕਰਮਚਾਰੀ ਨੇ ਉਨ੍ਹਾਂ ਨੂੰ ਅਜਿਹਾ ਅਣਮਨੁੱਖੀ ਵਤੀਰਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਕੁੱਟਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅਜਿਹਾ ਹੀ ਸਵਾਤੀ ਅਤੇ ਹੋਰ ਔਰਤਾਂ ਨਾਲ ਕਰਨਗੇ ਜੋ ਉਨ੍ਹਾਂ ਦੇ ਕੰਮ ਦਾ ਵਿਰੋਧ ਕਰਨਗੇ।'' ਸਵਾਤੀ ਨੇ ਰੋਹਿਣੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਸੰਮੰਨ ਭੇਜ ਕੇ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ, ਕਾਰਵਾਈ ਰਿਪੋਰਟ ਜਮ੍ਹਾ ਕਰਨ ਅਤੇ ਔਰਤ 'ਤੇ ਹਮਲੇ ਨੂੰ ਲੈ ਕੇ ਦਰਜ ਕੀਤੀ ਗਈ ਸ਼ਿਕਾਇਤ ਦਾ ਵੇਰਵਾ ਲਿਆਉਣ ਲਈ ਕਿਹਾ। ਰੋਹਿਣੀ ਦੇ ਪੁਲਸ ਡਿਪਟੀ ਕਮਿਸ਼ਨ ਰਜਨੀਸ਼ ਗੁਪਤਾ ਨੇ ਕਿਹਾ ਕਿ ਔਰਤ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਦੇ ਕੱਪੜਿਆਂ ਨੂੰ ਥੋੜ੍ਹਾ ਪਾੜਿਆ ਗਿਆ ਹੈ ਪਰ ਨਿਵਸਤਰ ਪਰੇਡ ਕਰਵਾਉਣ ਦੀ ਗੱਲ ਤੋਂ ਇਨਕਾਰ ਕੀਤਾ ਹੈ।