ਪ੍ਰਗਤੀ ਮੈਦਾਨ ''ਚ ਦਿਨਦਿਹਾੜੇ ਹੋਈ ਲੁੱਟ : CM ਕੇਜਰੀਵਾਲ ਨੇ ਮੰਗਿਆ ਉੱਪ ਰਾਜਪਾਲ ਦਾ ਅਸਤੀਫ਼ਾ
Monday, Jun 26, 2023 - 02:40 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦਿੱਲੀ 'ਚ ਦਿਨਦਿਹਾੜੇ ਹੋਈ ਲੁੱਟ ਦੀ ਇਕ ਘਟਨਾ ਦੇ ਮੱਦੇਨਜ਼ਰ ਸੋਮਵਾਰ ਨੂੰ ਉਪ ਰਾਜਪਾਲ ਵੀ.ਕੇ. ਸਕਸੈਨਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਕੇਜਰੀਵਾਲ ਨੇ ਟਵਿੱਟਰ 'ਤੇ ਘਟਨਾ ਦਾ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਇਸ ਮੰਗ ਨੂੰ ਦੋਹਰਾਇਆ ਕਿ ਦਿੱਲੀ 'ਚ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਸਥਾਨਕ ਸਰਕਾਰ ਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ,''ਉੱਪ ਰਾਜਪਾਲ ਨੂੰ ਅਸਤੀਫ਼ਾ ਦੇਣਾ ਚਾਹੀਦਾ। ਕਿਸੇ ਅਜਿਹੇ ਵਿਅਕਤੀ ਨੂੰ ਉੱਪ ਰਾਜਪਾਲ ਬਣਾਇਆ ਜਾਵੇ, ਜੋ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਉਪਲੱਬਧ ਕਰਵਾ ਸਕੇ।''
ਇਸ ਵੀਡੀਓ 'ਚ ਕੁਝ ਹਥਿਆਰਬੰਦ ਲੋਕ ਸ਼ਹਿਰ ਦੇ ਮੱਧ 'ਚ ਸਥਿਤ ਪ੍ਰਗਤੀ ਮੈਦਾਨ ਇਲਾਕੇ 'ਚ ਇਕ ਰੁਝੇ ਅੰਡਰਪਾਸ ਦੇ ਅੰਦਰ ਇਕ ਕਾਰ ਨੂੰ ਰੋਕਦੇ ਹੋਏ ਅਤੇ ਉਸ 'ਚ ਬੈਠੇ ਲੋਕਾਂ ਨੂੰ ਬੰਦੂਕ ਦੇ ਦਮ 'ਤੇ ਲੁੱਟਦੇ ਹੋਏ ਨਜ਼ਰ ਆ ਰਹੇ ਹਨ। ਪੁਲਸ ਅਨੁਸਾਰ ਸ਼ਨੀਵਾਰ ਨੂੰ ਪ੍ਰਗਤੀ ਮੈਦਾਨ ਅੰਡਰਪਾਸ ਅੰਦਰ ਚਾਰ ਅਣਪਛਾਤੇ ਲੋਕਾਂ ਨੇ ਇਕ ਡਿਲਿਵਰੀ ਏਜੰਟ ਅਤੇ ਉਸ ਦੇ ਸਹਿਯੋਗੀ ਤੋਂ ਉਸ ਸਮੇਂ 2 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ, ਜਦੋਂ ਉਹ ਉਕਤ ਰਕਮ ਨੂੰ ਪਹੁੰਚਾਉਣ ਲਈ ਕੈਬ ਤੋਂ ਗੁਰੂਗ੍ਰਾਮ ਜਾ ਰਹੇ ਸਨ। ਕੇਜਰੀਵਾਲ ਨੇ ਕਿਹਾ,''ਜੇਕਰ ਕੇਂਦਰ ਸਰਕਾਰ ਦਿੱਲੀ ਨੂੰ ਸੁਰੱਖਿਅਤ ਬਣਾਉਣ 'ਚ ਅਸਫ਼ਲ ਹੈ ਤਾਂ ਇਸ ਨੂੰ ਸਾਡੇ ਹੱਥਾਂ 'ਚ ਸੌਂਪ ਦਿਓ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸੇ ਸ਼ਹਿਰ ਨੂੰ ਉਸ ਦੇ ਨਾਗਰਿਕਾਂ ਲਈ ਕਿਵੇਂ ਸੁਰੱਖਿਅਤ ਬਣਾਇਆ ਜਾਂਦਾ ਹੈ।'' ਡੇਢ ਕਿਲੋਮੀਟਰ ਲੰਮੀ ਪ੍ਰਗਤੀ ਮੈਦਾਨ ਸੁਰੰਗ ਨਵੀਂ ਦਿੱਲੀ ਨੂੰ ਸਰਾਏ ਕਾਲੇ ਖਾਂ ਅਤੇ ਨੋਇਡਾ ਨਾਲ ਜੋੜਦੀ ਹੈ। ਇਸ 'ਚ 5 ਅੰਡਰਪਾਸ ਹਨ। ਪਿਛਲੇ ਹਫ਼ਤੇ, ਕੇਜਰੀਵਾਲ ਅਤੇ ਸਕਸੈਨਾ ਨੇ ਦਿੱਲੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਦੋਸ਼ ਲਗਾਉਣ ਹੋਏ ਇਕ-ਦੂਜੇ ਨੂੰ ਕਈ ਪੱਤਰ ਭੇਜੇ ਸਨ।