ਹੁਣ ਵਿਆਹ ਲਈ ਜ਼ਰੂਰੀ ਹੋਇਆ 'CIBIL Score'

Monday, Mar 17, 2025 - 11:07 AM (IST)

ਹੁਣ ਵਿਆਹ ਲਈ ਜ਼ਰੂਰੀ ਹੋਇਆ 'CIBIL Score'

ਨੈਸ਼ਨਲ ਡੈਸਕ- ਮਾਪੇ ਆਪਣੇ ਧੀਆਂ ਦੇ ਵਿਆਹ ਲਈ ਨਾ ਸਿਰਫ਼ ਚੰਗਾ ਜੀਵਨਸਾਥੀ ਲੱਭਦੇ ਹਨ ਸਗੋਂ ਕਿ ਉਸ ਦੀ ਆਰਥਿਕ ਸਥਿਤੀ ਦੀ ਜਾਂਚ ਕਰਦੇ ਹਨ। ਹੁਣ ਇਕ ਨਵਾਂ ਟਰੈਂਡ ਜੁੜ ਗਿਆ ਹੈ, ਉਹ ਇਹ ਕਿ ਵਿਆਹ ਤੋਂ ਪਹਿਲਾਂ ਮੁੰਡੇ ਦਾ ਸਿਬਿਲ ਸਕੋਰ  (CIBIL Score) ਚੈਕ ਕਰਨਾ। ਇਹ ਟਰੈਂਡ ਮਹਾਰਾਸ਼ਟਰ ਵਿਚ ਉਦੋਂ ਸ਼ੁਰੂ ਹੋਇਆ ਜਦੋਂ ਇਕ ਵਿਆਹ ਸਿਰਫ਼ ਇਸ ਲਈ ਟੁੱਟ ਗਿਆ ਕਿਉਂਕਿ ਕੁੜੀ ਦੇ ਚਾਚਾ ਨੇ ਮੁੰਡੇ ਨੂੰ CIBIL Score ਵਿਖਾਉਣ ਦੀ ਮੰਗ ਕੀਤੀ ਸੀ। ਹੁਣ ਕਈ ਪਰਿਵਾਰ ਇਸ 'ਤੇ ਜ਼ੋਰ ਦੇਣ ਲੱਗੇ ਹਨ ਤਾਂ ਕਿ ਉਹ ਜਾਣ ਸਕਣ ਕਿ ਮੁੰਡਾ ਆਰਥਿਕ ਪੱਖੋਂ ਕਿੰਨਾ ਕੁ ਸਮਰੱਥ ਹੈ ਅਤੇ ਉਸ ਦੀ ਲੋਨ ਜਾਂ EMI ਨਾਲ ਜੁੜੀ ਸਥਿਤੀ ਕੀ ਹੈ।

ਵਿਆਹ ਤੋਂ ਪਹਿਲਾਂ CIBIL Score ਦੀ ਜਾਂਚ ਕਿਉਂ?

ਵਿਆਹ ਤੋਂ ਬਾਅਦ ਜ਼ਿੰਦਗੀ ਵਿਚ ਵਿੱਤੀ ਸਥਿਰਤਾ ਇਕ ਵੱਡਾ ਮੁੱਦਾ ਹੈ। ਕਈ ਵਾਰ ਮੁੰਡੇ ਦੀ ਚਮਕ-ਧਮਕ ਵੇਖ ਕੇ ਵਿਆਹ ਤੈਅ ਹੋ ਜਾਂਦਾ ਹੈ ਪਰ ਬਾਅਦ ਵਿਚ ਪਤਾ ਲੱਗਦਾ ਹੈ ਕਿ ਉਹ ਭਾਰੀ ਕਰਜ਼ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ। ਇਸ ਲਈ ਹੁਣ ਮਾਪੇ ਇਹ ਯਕੀਨੀ ਕਰਨ ਲੱਗ ਪਏ ਹਨ ਕਿ ਮੁੰਡੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇ ਅਤੇ ਉਹ ਕਰਜ਼ ਵਿਚ ਨਾ ਫਸਿਆ ਹੋਵੇ।

ਵਿਆਹ ਲਈ CIBIL Score ਦੀ ਜਾਂਚ- ਨਵੀਂ ਸੋਚ ਜਾਂ ਲੋੜ?

ਵਿਆਹ ਨੂੰ ਸਿਰਫ਼ ਦੋ ਲੋਕਾਂ ਦਾ ਨਹੀਂ ਸਗੋਂ ਦੋ ਪਰਿਵਾਰਾਂ ਦਾ ਮਿਲਨ ਮੰਨਿਆ ਜਾਂਦਾ ਹੈ। ਅਜਿਹੇ 'ਚ ਰਿਸ਼ਤੇ ਦੀ ਮਜ਼ਬੂਤੀ ਸਿਰਫ਼ ਭਾਵਨਾਵਾਂ 'ਤੇ ਨਹੀਂ, ਸਗੋਂ ਵਿੱਤੀ ਸਥਿਰਤਾ 'ਤੇ ਵੀ ਨਿਰਭਰ ਕਰਦੀ ਹੈ। ਇਹ ਹੀ ਕਾਰਨ ਹੈ ਕਿ ਹੁਣ ਮਾਪੇ ਅਤੇ ਕੁੜੀਆਂ ਖੁਦ ਵੀ ਵਿਆਹ ਤੋਂ ਪਹਿਲਾਂ ਮੁੰਡੇ ਦਾ CIBIL Score ਵੇਖਣਾ ਚਾਹੁੰਦੀਆਂ ਹਨ। ਇਹ ਨਵਾਂ ਟਰੈਂਡ ਜ਼ਰੂਰ ਹੈ ਪਰ ਆਉਣ ਵਾਲੇ ਸਮੇਂ ਵਿਚ ਇਹ ਵਿਆਹ ਤੈਅ ਕਰਨ ਦੀ ਪ੍ਰਕਿਰਿਆ ਦਾ ਅਹਿਮ ਹਿੱਸਾ ਬਣ ਸਕਦਾ ਹੈ।

ਕੀ ਕਹਿੰਦੇ ਹਨ ਮਾਹਰ?

ਲੀਗਲ ਐਜੂਕੇਟਰ ਪ੍ਰਿਆ ਜੈਨ ਕਹਿੰਦੀ ਹੈ ਕਿ ਕਈ ਵਾਰ ਮੁੰਡਾ ਅਮੀਰ ਦਿਸਦਾ ਹੈ ਪਰ ਅਸਲ ਵਿਚ ਉਹ ਕਰਜ਼ੇ ਵਿਚ ਡੁੱਬਿਆ ਹੋਇਆ ਹੁੰਦਾ ਹੈ। ਇਹ ਜ਼ਰੂਰੀ ਹੈ ਕਿ CIBIL Score ਦੀ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵਿੱਤੀ ਸਮੱਸਿਆ ਨਾ ਹੋਵੇ। ਮੈਰਿਜ ਐਡਵਾਈਜ਼ਰ ਪ੍ਰਦੀਪ ਗੋਵਿੰਦ ਸ਼ੀਤੂਤ ਮੁਤਾਬਕ ਇਹ ਮੰਗ ਕੁਝ ਪਰਿਵਾਰਾਂ ਨੂੰ ਬੁਰੀ ਲੱਗ ਸਕਦੀ ਹੈ ਪਰ ਵਿਆਹ ਤੋਂ ਪਹਿਲਾਂ ਵਿੱਤੀ ਸਥਿਤੀ ਨੂੰ ਸਪੱਸ਼ਟ ਕਰਨਾ ਬਿਹਤਰ ਹੈ ਤਾਂ ਜੋ ਭਵਿੱਖ 'ਚ ਸਮੱਸਿਆਵਾਂ ਪੈਦਾ ਨਾ ਹੋਣ।

CIBIL Score ਕੀ ਹੈ?

CIBIL ਸਕੋਰ ਤੁਹਾਡੇ ਕ੍ਰੈਡਿਟ ਸਕੋਰ ਦੀ ਇਕ ਕਿਸਮ ਹੈ। ਇਹ ਤੁਹਾਡੇ ਕ੍ਰੈਡਿਟ ਹਿਸਟਰੀ 'ਤੇ ਨਿਰਭਰ ਕਰਦਾ ਹੈ। ਤੁਹਾਡਾ CIBIL ਸਕੋਰ ਜਿੰਨਾ ਜ਼ਿਆਦਾ ਹੋਵੇਗਾ, ਓਨੀ ਜ਼ਿਆਦਾ ਤੁਹਾਡੀ ਲੋਨ ਅਰਜ਼ੀ ਦੇ ਮਨਜ਼ੂਰ ਹੋਣ ਦੀ ਸੰਭਾਵਨਾ ਹੋਵੇਗੀ। CIBIL ਸਕੋਰ ਕੁੱਲ 900 ਅੰਕ ਦਾ ਹੁੰਦਾ ਹੈ। ਕਰਜ਼ਾ ਲੈਣਾ ਅਤੇ ਇਸ ਨੂੰ ਸਮੇਂ ਸਿਰ ਚੁਕਾਉਣਾ ਤੁਹਾਡੇ CIBIL ਸਕੋਰ ਨੂੰ ਵਧੀਆ ਰੱਖਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਸਮੇਂ 'ਤੇ ਕਰਜ਼ੇ ਦੀ ਅਦਾਇਗੀ ਨਹੀਂ ਕਰਦੇ ਜਾਂ ਇਸ ਨੂੰ ਬਿਲਕੁਲ ਨਹੀਂ ਚੁਕਾਉਂਦੇ, ਤਾਂ ਤੁਹਾਡਾ CIBIL ਸਕੋਰ ਘੱਟ ਜਾਂਦਾ ਹੈ। ਤੁਸੀਂ ਕਿੱਥੋਂ-ਕਿੱਥੋਂ ਕਰਜ਼ਾ ਲਿਆ ਹੈ। ਇਸ ਦੀ ਸਾਰੀ ਜਾਣਕਾਰੀ ਕ੍ਰੈਡਿਟ ਰਿਪੋਰਟ ਵਿਚ ਹੁੰਦੀ ਹੈ। ਇਸ ਵਿਚ ਇਹ ਵੀ ਸ਼ਾਮਲ ਹੁੰਦਾ ਹੈ ਕਿ ਤੁਸੀਂ ਕਿੰਨੇ ਕਰਜ਼ੇ ਦੀ ਅਦਾਇਗੀ ਕੀਤੀ ਹੈ ਅਤੇ ਕਿੰਨਾ ਬਕਾਇਆ ਹੈ।


author

Tanu

Content Editor

Related News