ਪੈਂਚਰ ਲਗਾਉਣ ਵਾਲੇ ਗਰੀਬ ਪਿਓ ਦੀਆਂ ਧੀਆਂ ਨੇ ਮਾਰੀ ਲੰਬੀ ਛਲਾਂਗ, ਪੁਲਸ ''ਚ ਭਰਤੀ ਹੋ ਗਰੀਬੀ ਨੂੰ ਪਾਈ ਮਾਤ

Friday, Jun 20, 2025 - 12:48 PM (IST)

ਪੈਂਚਰ ਲਗਾਉਣ ਵਾਲੇ ਗਰੀਬ ਪਿਓ ਦੀਆਂ ਧੀਆਂ ਨੇ ਮਾਰੀ ਲੰਬੀ ਛਲਾਂਗ, ਪੁਲਸ ''ਚ ਭਰਤੀ ਹੋ ਗਰੀਬੀ ਨੂੰ ਪਾਈ ਮਾਤ

ਬਦਾਊਂ- ਕਿਹਾ ਜਾਂਦਾ ਹੈ ਕਿ ਜਦੋਂ ਸਖਤ ਮਿਹਨਤ ਅੱਗੇ ਪਹਾੜ ਜਿੰਨੀਆਂ ਮੁਸੀਬਤਾਂ ਵੀ ਗੋਡੇ ਟੇਕ ਲੈਂਦੀਆਂ ਹਨ। ਕੁਝ ਅਜਿਹੀ ਹੀ ਪ੍ਰੇਰਣਾਦਾਇਕ ਕਹਾਣੀ ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ ਦੇ ਕਾਦਰ ਚੌਕ ਇਲਾਕੇ ਤੋਂ ਸਾਹਮਣੇ ਆਈ ਹੈ। ਇੱਥੇ ਪੈਂਚਰ ਅਤੇ ਸਾਈਕਲ ਮੁਰੰਮਤ ਦੀ ਦੁਕਾਨ ਚਲਾਉਣ ਵਾਲੇ ਦੇਵ ਸਿੰਘ ਦੀਆਂ ਦੋ ਧੀਆਂ- ਸੁਜਾਤਾ ਗੌਤਮ ਅਤੇ ਪ੍ਰਗਤੀ ਗੌਤਮ ਹੁਣ ਉੱਤਰ ਪ੍ਰਦੇਸ਼ ਪੁਲਸ ਵਿਚ ਕਾਂਸਟੇਬਲ ਬਣ ਗਈਆਂ ਹਨ। ਜਦੋਂ ਦੋਵਾਂ ਨੂੰ 15 ਜੂਨ ਨੂੰ ਨਿਯੁਕਤੀ ਪੱਤਰ ਮਿਲਿਆ ਤਾਂ ਪੂਰੇ ਪਿੰਡ 'ਚ ਜਸ਼ਨ ਦਾ ਮਾਹੌਲ ਬਣ ਗਿਆ।

ਪੁੱਤ ਦੇ ਲਾਪਤਾ ਹੋਣ ਦਾ ਦੁੱਖ, ਧੀਆਂ ਦੀ ਸਫਲਤਾ ਦੀ ਖੁਸ਼ੀ

ਦੇਵ ਸਿੰਘ ਦਾ ਇਕਲੌਤਾ ਪੁੱਤਰ ਅਭਿਨਵ ਲਗਭਗ ਦੋ ਸਾਲ ਪਹਿਲਾਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ, ਜਿਸਦੀ ਭਾਲ ਅਜੇ ਵੀ ਜਾਰੀ ਹੈ। ਪੁੱਤਰ ਦੇ ਗ਼ਮ ਵਿਚਕਾਰ ਧੀਆਂ ਦੀ ਇਸ ਇਤਿਹਾਸਕ ਸਫਲਤਾ ਨੇ ਪੂਰੇ ਪਰਿਵਾਰ ਨੂੰ ਨਵੀਂ ਉਮੀਦ ਅਤੇ ਖੁਸ਼ੀ ਦਿੱਤੀ ਹੈ। ਜਦੋਂ ਦੋਵੇਂ ਭੈਣਾਂ ਨੂੰ ਸਿਖਲਾਈ ਲਈ ਭੇਜਿਆ ਗਿਆ, ਤਾਂ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰਾਂ ਅਤੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਪਿਤਾ ਦੀ ਮਿਹਨਤ ਲਿਆਈ ਰੰਗ 

ਝੌਂਪੜੀ ਵਿਚ ਰਹਿਣ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਦੇਵ ਸਿੰਘ ਨੇ ਕਦੇ ਵੀ ਆਪਣੀਆਂ ਧੀਆਂ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ ਆਉਣ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਇਸ ਅਹੁਦੇ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕੀਤੀ। ਸੁਜਾਤਾ ਪਹਿਲਾਂ ਪੰਚਾਇਤ ਸਹਾਇਕ ਵਜੋਂ ਵੀ ਕੰਮ ਕਰ ਚੁੱਕੀ ਹੈ ਅਤੇ ਹੁਣ ਉੱਤਰ ਪ੍ਰਦੇਸ਼ ਪੁਲਸ ਦਾ ਹਿੱਸਾ ਬਣ ਗਈ ਹੈ। ਦੇਵ ਸਿੰਘ ਭਾਵੁਕ ਹੋ ਗਏ ਅਤੇ ਕਿਹਾ ਕਿ ਮੈਂ ਕਦੇ ਵੀ ਹਾਰ ਨਹੀਂ ਮੰਨੀ। ਧੀਆਂ ਮੇਰੀ ਤਾਕਤ ਬਣੀਆਂ ਹਨ। ਅੱਜ ਪਿੰਡ ਨੂੰ ਮੇਰੇ 'ਤੇ ਮਾਣ ਹੈ। ਮੇਰੀ ਤੀਜੀ ਧੀ ਵੀ ਹੈ, ਮੈਂ ਉਸ ਨੂੰ ਵੀ ਪੜ੍ਹਾ ਕੇ ਅੱਗੇ ਲੈ ਜਾਵਾਂਗਾ।"

ਪਿੰਡ ਨੇ ਮਨਾਇਆ ਜਸ਼ਨ 

ਪਿੰਡ ਦੇ ਲੋਕਾਂ ਨੇ ਕਾਦਰ ਚੌਕ ਗ੍ਰਾਮ ਪੰਚਾਇਤ ਵਿਚ ਦੋਵਾਂ ਭੈਣਾਂ ਦੀ ਪ੍ਰਾਪਤੀ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਗ੍ਰਾਮ ਪ੍ਰਧਾਨ ਦਿਨੇਸ਼ ਕੁਮਾਰ ਅਤੇ ਏ.ਡੀ.ਓ. ਪੰਚਾਇਤ ਸ਼ਿਵ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ। ਇਨ੍ਹਾਂ ਭੈਣਾਂ ਦੀ ਸਫਲਤਾ ਉਨ੍ਹਾਂ ਸਾਰੇ ਪਰਿਵਾਰਾਂ ਲਈ ਪ੍ਰੇਰਨਾ ਹੈ, ਜਿਨ੍ਹਾਂ ਕੋਲ ਸੀਮਤ ਸਾਧਨਾਂ ਦੇ ਬਾਵਜੂਦ ਵੀ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਹੈ।

 


author

Tanu

Content Editor

Related News