ਪੁਲਸ ਨੇ ਚੱਕ ਲਿਆ ਡਕੈਤ! HDFC ਬੈਂਕ ''ਚ ਮਾਰੀ ਸੀ 38 ਲੱਖ ਦੀ ਡਕੈਤੀ
Sunday, Jun 08, 2025 - 09:33 PM (IST)

ਕਪੂਰਥਲਾ (ਓਬਰਾਏ) : ਬੀਤੇ ਮਹੀਨੇ 30 ਮਈ ਨੂੰ ਫਗਵਾੜਾ ਨੇੜਲੇ ਪਿੰਡ ਰਿਹਾਣਾ ਜੱਟਾਂ ਵਿਖੇ ਐੱਚ.ਡੀ.ਐੱਫ.ਸੀ. ਬੈਂਕ ਅੰਦਰ ਦਿਨ ਦਿਹਾੜੇ ਹੋਈ ਡਕੈਤੀ ਦੇ ਮਾਮਲੇ ਨੂੰ ਕਪੂਰਥਲਾ ਪੁਲਸ ਨੇ ਹੱਲ ਕਰਦੇ ਹੋਏ ਇਕ ਵਿਅਕਤੀ ਨੂੰ ਪਿਸਤੌਲ ਤੇ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਹੋਣ ਉਪਰੰਤ ਤੁਰੰਤ ਹੀ ਥਾਣਾ ਰਾਵਲਪਿੰਡੀ ਵਿਖੇ ਕੇਸ ਦਰਜ ਕੀਤਾ ਗਿਆ, ਜਿਸਤੋਂ ਬਾਅਦ ਐੱਸ.ਪੀ. ਡੀ. ਪ੍ਰਭਜੋਤ ਸਿੰਘ ਵਿਰਕ, ਐੱਸ.ਪੀ. ਰੁਪਿੰਦਰ ਕੌਰ ਭੱਟੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਵਿਚ ਡੀ.ਐੱਸ.ਪੀ. ਫਗਵਾੜਾ ਭਾਰਤ ਭੂਸ਼ਣ, ਡੀ.ਐੱਸ.ਪੀ. ਡੀ. ਪਰਮਿੰਦਰ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਥਾਣਾ ਰਾਵਲਪਿੰਡੀ ਮੁਖੀ ਮੇਜਰ ਸਿੰਘ ਨੂੰ ਸ਼ਾਮਲ ਕੀਤਾ ਗਿਆ, ਐੱਸ.ਐੱਸ.ਪੀ. ਨੇ ਦੱਸਿਆ ਕਿ ਉਨ੍ਹਾਂ ਖ਼ੁਦ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੁਲਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਕਰੀਬ 150 ਕਿੱਲੋਮੀਟਰ ਤੱਕ ਇਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਦੀ ਅੰਦਰੂਨੀ ਜਾਂਚ ਉਪਰੰਤ ਇਹ ਪਤਾ ਲੱਗਾ ਕਿ ਬੈਂਕ ਅੰਦਰੋਂ ਇਹ ਤਿੰਨ ਲੁਟੇਰੇ 38 ਲੱਖ 34900 ਰੁਪਏ ਲੁੱਟ ਕੇ ਲੈ ਗਏ ਸਨ ਤੇ ਇਨ੍ਹਾਂ ਨੇ ਇਹ ਲੁੱਟ ਬੈਂਕ ਅੰਦਰ ਤਾਇਨਾਤ ਸੁਰੱਖਿਆ ਕਰਮਚਾਰੀ ਨੂੰ ਬੰਧਕ ਬਣਾਕੇ ਕੈਸ਼ੀਅਰ ਦੇ ਕੈਬਿਨ ਵਿਚੋਂ ਕੀਤੀ ਸੀ।
ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਕਥਿਤ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਪਿੰਡ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਦੇ ਖ਼ੁਲਾਸੇ ਪਿੱਛੋਂ ਕਥਿਤ ਦੋਸ਼ੀ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਇਕ ਦੇਸੀ ਪਿਸਤੌਲ ਤੇ 13 ਲੱਖ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ, ਜੋ ਲੁੱਟ ਦੇ ਹਿੱਸੇ ਵਿਚੋਂ ਉਸਨੂੰ ਮਿਲੀ ਸੀ | ਉਨ੍ਹਾਂ ਦੱਸਿਆ ਕਿ ਇਸ ਡਕੈਤੀ ਦੇ ਮੁੱਖ ਸਾਜ਼ਿਸ਼ਕਾਰ ਤੇ ਉਸਦੇ ਨਾਲ ਇਕ ਹੋਰ ਸਾਥੀ ਦੀ ਵੀ ਪੁਲਸ ਨੇ ਸ਼ਨਾਖ਼ਤ ਕਰ ਲਈ ਜਿਨ੍ਹਾਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਐੱਸ.ਐੱਸ.ਪੀ. ਅਨੁਸਾਰ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਬੈਂਕ ਦੀ ਰੇਕੀ ਕੀਤੀ ਤੇ ਜਿਹੜੀ ਵਰਨਾ ਕਾਰ ਵਿਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਉਸਦੀਆਂ ਨੰਬਰ ਪਲੇਟਾਂ ਵੀ ਜਾਅਲੀ ਲਗਾਈਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੇ ਰਸਤੇ ਵਿਚ ਮੁੜ ਕਾਰ ਦੀਆਂ ਪਲੇਟਾਂ ਬਦਲੀਆਂ। ਐੱਸ.ਐੱਸ.ਪੀ. ਨੇ ਦੱਸਿਆ ਕਿ ਡਕੈਤੀ ਦੇ ਮੁੱਖ ਸਾਜ਼ਿਸ਼ਕਾਰ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਤੇ ਇਰਾਦਾ ਕਤਲ ਦੇ ਕੇਸ ਦਰਜ ਹਨ। ਉਸਨੂੰ ਤੇ ਉਸਦੇ ਸਾਥੀ ਨੂੰ ਬਹੁਤ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e