ਰਾਜ਼ੀਨਾਮੇ ਤੋਂ ਬਾਅਦ ਘਰ ਆਈ ਨੂੰਹ ਦਾ ਸਹੁਰਿਆਂ ਨੇ ਗਲਾ ਦਬਾ ਕੇ ਕੀਤਾ ਕਤਲ
Tuesday, Mar 06, 2018 - 01:44 PM (IST)

ਚਰਖੀ ਦਾਦਰੀ — ਦਾਦਰੀ ਜ਼ਿਲੇ ਦੇ ਪਿੰਡ ਮਹਰਾਣਾ 'ਚ ਬੀਤੀ ਰਾਤ 29 ਸਾਲ ਦੀ ਇਕ ਵਿਆਹੁਤਾ ਦਾ ਗਲਾ ਦਬਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਦਾਦਰੀ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਫੋਰੇਂਸਿਕ ਟੀਮ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਪਿਤਾ ਪ੍ਰਿਥਵੀ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਨੀਲਮ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪਿੰਡ ਮਹਰਾਣਾ ਨਿਵਾਸੀ ਜੌਹਰ ਸਿੰਘ ਉਰਫ ਕਾਲੂ ਦੇ ਨਾਲ ਕੀਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਕ ਸਾਲ ਪਹਿਲਾਂ ਵੀ ਮ੍ਰਿਤਕਾ ਦੇ ਨਾਲ ਪਤੀ ਅਤੇ ਦੇਵਰਾਂ ਨੇ ਝਗੜਾ ਅਤੇ ਕੁੱਟਮਾਰ ਕੀਤੀ ਸੀ, ਜਿਸ ਨੂੰ ਲੈ ਕੇ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ। ਬਾਅਦ ਵਿਚ ਦੋਵਾਂ ਪੱਖਾਂ ਵਿਚ ਸਮਝੋਤਾ ਹੋ ਗਿਆ, ਜਿਸ ਤੋਂ ਬਾਅਦ ਨੀਲਮ ਨੂੰ ਬੀਤੀ 26 ਫਰਵਰੀ ਨੂੰ ਉਸਦੇ ਸਹੁਰਾ ਘਰ ਭੇਜ ਦਿੱਤਾ ਗਿਆ। ਦੋਸ਼ ਹੈ ਕਿ ਬੀਤੀ ਰਾਤ ਪਤੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਉਸਦੀ ਬੇਟੀ ਦੀ ਚੁੰਨੀ ਨਾਲ ਗਲਾ ਦਬਾ ਘੋਟ ਕੇ ਹੱਤਿਆ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਰਾਜਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਫੋਰੇਂਸਿਕ ਟੀਮ ਨੂੰ ਬੁਲਾਇਆ ਅਤੇ ਜਾਂਚ ਕਰਵਾਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਪੁਲਸ ਨੇ ਪਤੀ ਜੌਹਰ ਸਿੰਘ ਉਰਫ ਕਾਲੂ ਅਤੇ ਉਸਦੇ ਦੋ ਭਰਾਵਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।