ਨੂੰਹ ਅਤੇ 2 ਸਾਲਾ ਪੋਤੀ ਦਾ ਕਤਲ ਕਰਨ ਤੋਂ ਬਾਅਦ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Monday, Aug 17, 2020 - 06:28 PM (IST)
ਈਟਾਨਗਰ- ਅਰੁਣਾਚਲ ਪ੍ਰਦੇਸ਼ ਦੇ ਲੋਂਗਡਿੰਗ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ ਨੂੰਹ ਅਤੇ 2 ਸਾਲਾ ਪੋਤੀ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਘਟਨਾ ਐਤਵਾਰ ਨੂੰ ਇੱਥੋਂ ਲਗਭਗ 305 ਕਿਲੋਮੀਟਰ ਦੂਰ ਲੋਂਗਡਿੰਗ ਜ਼ਿਲ੍ਹੇ ਦੀ ਵਨ ਕਾਲੋਨੀ 'ਚ ਹੋਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲੋਂਗਡਿੰਗ ਥਾਣੇ ਦੇ ਇੰਚਾਰਜ ਅਧਿਕਾਰੀ ਇੰਸਪੈਕਟਰ ਓਨਯੋਕ ਲੇਗੋ ਦੀ ਅਗਵਾਈ 'ਚ ਪੁਲਸ ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਉਸ ਦਾ ਮੁਆਇਨਾ ਕੀਤਾ।
ਸ਼ੁਰੂਆਤੀ ਪੁੱਛ-ਗਿੱਛ ਅਨੁਸਾਰ ਦੋਸ਼ੀ ਮਲੇਮ ਪੰਸਾ ਦੀ ਪਤਨੀ ਦੀ ਮੌਤ ਹੋ ਚੁਕੀ ਸੀ ਅਤੇ ਉਹ ਅਫ਼ੀਮ ਦਾ ਆਦੀ ਸੀ। ਉਹ ਪੈਸਿਆਂ ਲਈ ਨੂੰਹ ਤੋਈਕਾਮ ਪੰਸਾ (30) ਨੂੰ ਤੰਗ ਕਰਨਾ ਸੀ। ਪੁਲਸ ਨੇ ਦੱਸਿਆ ਕਿ ਐਤਵਾਰ ਰਾਤ ਦੋਹਾਂ ਦਰਮਿਆਨ ਕਹਾਸੁਣੀ ਹੋਈ, ਜਿਸ ਤੋਂ ਬਾਅਦ ਮਾਲੇਮ ਪੰਸਾ ਨੇ ਆਪਣੀ ਨੂੰਹ ਅਤੇ ਪੋਤੀ 'ਤੇ ਸੁੱਤੇ ਸਮੇਂ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਜਨਾਨੀ ਦਾ ਪਤੀ ਆਸਾਮ ਰਾਈਫਲਜ਼ 'ਚ ਜਵਾਨ ਹੈ। ਇੰਸਪੈਕਟਰ ਨੇ ਕਿਹਾ ਕਿ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।