ਵਿਆਹ ਦੇ ਕਾਰਡਾਂ ਨਾਲ ''ਗੀਤਾ'' ਅਤੇ ਜਾਣ ਵੇਲੇ ਮਹਿਮਾਨਾਂ ਨੂੰ ਮਿਲੇਗਾ ਇਕ ''ਬੂਟਾ''

Thursday, Feb 07, 2019 - 01:52 PM (IST)

ਵਿਆਹ ਦੇ ਕਾਰਡਾਂ ਨਾਲ ''ਗੀਤਾ'' ਅਤੇ ਜਾਣ ਵੇਲੇ ਮਹਿਮਾਨਾਂ ਨੂੰ ਮਿਲੇਗਾ ਇਕ ''ਬੂਟਾ''

ਦਰਭੰਗਾ (ਵਾਰਤਾ)— ਬਿਹਾਰ 'ਚ ਦਰਭੰਗਾ ਸ਼ਹਿਰ ਇਕ ਅਨੋਖੇ ਵਿਆਹ ਦਾ ਗਵਾਹ ਬਣਨ ਜਾ ਰਿਹਾ ਹੈ। ਵਿਆਹ 'ਚ ਸੱਦੇ ਹਰ ਮਹਿਮਾਨ ਨੂੰ ਵਿਆਹ ਦੇ ਕਾਰਡ ਨਾਲ ਨਾ ਸਿਰਫ ਜੀਵਨ ਦਾ ਸਾਰ ਦੱਸਣ ਵਾਲੀ ਮਹਾਨ ਧਾਰਮਿਕ ਪੁਸਤਕ 'ਗੀਤਾ' ਦਿੱਤੀ ਜਾਵੇਗੀ, ਸਗੋਂ ਕਿ ਗਲੋਬਲ ਵਾਰਮਿੰਗ ਦੇ ਖਤਰਿਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਾਤਾਵਰਣ ਨੂੰ ਬਚਾਉਣ ਦੇ ਉਦੇਸ਼ ਨਾਲ ਵਿਆਹ ਵਿਚ ਆਉਣ ਵਾਲੇ ਮਹਿਮਾਨਾਂ ਨੂੰ ਵਾਪਸ ਪਰਤਦੇ ਸਮੇਂ ਇਕ-ਇਕ ਬੂਟਾ ਦਿੱਤਾ ਜਾਵੇਗਾ। 

ਰਾਜਾ-ਮਹਾਰਾਜਿਆਂ ਦੇ ਸ਼ਹਿਰ ਦਰਭੰਗਾ ਵਿਚ ਪਰਿਵਾਰ ਦੀ ਸ਼ਾਨੋ-ਸ਼ੌਕਤ ਲਈ ਵਿਆਹਾਂ 'ਚ ਤੜਕ-ਭੜਕ ਦਾ ਸਹਾਰਾ ਕਾਫੀ ਵਰ੍ਹਿਆਂ ਤੋਂ ਲਿਆ ਜਾਂਦਾ ਰਿਹਾ ਹੈ ਅਤੇ ਇਸ ਕਾਰਨ ਇੱਥੇ ਲੋੜ ਤੋਂ ਵੱਧ ਖਰਚੇ ਹੁੰਦੇ ਹਨ, ਉੱਥੇ ਹੀ ਵੱਡੀ ਮਾਤਰਾ 'ਚ ਸਾਮਾਨ ਦੀ ਬਰਬਾਦੀ ਵੀ ਹੁੰਦੀ ਹੈ। ਵਿਆਹਾਂ-ਸ਼ਾਦੀਆਂ 'ਚ ਦਿਖਾਵਾ ਅਤੇ ਆਤਿਸ਼ਬਾਜ਼ੀ ਕਾਰਨ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਅਜਿਹੇ ਵਿਚ ਦਰਭੰਗਾ 'ਚ ਇਸ ਸਾਲ 9 ਫਰਵਰੀ 2019 ਨੂੰ ਸ਼ਿਆਮਾ ਮੰਦਰ ਸਥਿਤ ਵਿਆਹ ਭਵਨ 'ਚ ਹੋਣ ਵਾਲਾ ਅਨੋਖਾ ਵਿਆਹ ਸਾਦਗੀ ਅਤੇ ਗਲੋਬਲ ਵਾਰਮਿੰਗ ਦੇ ਕਾਰਨਾਂ ਅਤੇ ਉਸ ਦੇ ਹੱਲ ਦਾ ਸੰਦੇਸ਼ ਦੇਣ ਦੇ ਸਾਰਥਕ ਉਦੇਸ਼ ਲਈ ਜਾਣਾ ਜਾਵੇਗਾ। 

ਦਰਭੰਗਾ ਸ਼ਹਿਰ ਦੇ ਭਗਵਾਨਦਾਸ ਮੁਹੱਲਾ ਵਾਸੀ ਸਵ. ਮੰਜੂ ਦੇਵੀ ਅਤੇ ਸਵ. ਉਮਾਕਾਂਤ ਰਾਏ ਦੇ ਪੁੱਤਰ ਸ਼ਰਵਣ ਕੁਮਾਰ ਰਾਏ ਅਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ਸ਼ਿਆਮ ਨਗਰ ਦੇ ਰਹਿਣ ਵਾਲੇ ਕੈਲਾਸ਼ ਮੰਡਲ ਅਤੇ ਗੀਤਾ ਮੰਡਲ ਦੀ ਪੁੱਤਰੀ ਕੁਮਾਰੀ ਰੁੱਚੀ ਮੰਡਲ ਦਾ ਵਿਆਹ ਹੋਣਾ ਹੈ। ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਇਸ ਅਨੋਖੇ ਵਿਆਹ ਦਾ ਕਾਰਡ ਤਾਂ ਸਾਧਾਰਨ ਹੈ ਪਰ ਖਾਸ ਹੋ ਗਿਆ ਹੈ। ਲਾੜੇ ਸ਼ਰਵਣ ਦੇ ਵੱਡੇ ਭਰਾ ਸੰਜੈ ਕੁਮਾਰ ਰਾਏ ਨੇ ਦੱਸਿਆ ਕਿ ਕਾਰਡ ਤਾਂ ਵਿਆਹ ਦੇ ਕੁਝ ਦਿਨ ਬਾਅਦ ਹੀ ਸੁੱਟ ਦਿੱਤਾ ਜਾਂਦਾ ਹੈ ਜਦਕਿ ਇਸ ਦੇ ਨਾਲ ਦਿੱਤੀ ਜਾ ਰਹੀ ਭਗਵਦ ਗੀਤਾ ਨੂੰ ਲੋਕ ਸੰਭਾਲ ਕੇ ਰੱਖਣਗੇ। ਗੀਤਾ ਦੇ ਸੰਦੇਸ਼ ਨੂੰ ਪੜ੍ਹਿਆ ਜਾਵੇ ਤਾਂ ਵਿਅਕਤੀ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ। ਆਪਣੇ ਅਨੋਖੇ ਵਿਆਹ ਨੂੰ ਲੈ ਕੇ ਉਤਸ਼ਾਹਤ ਸ਼ਰਵਣ ਨੇ ਕਿਹਾ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਰੁੱਚੀ ਵੀ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਦੇ ਖਤਰਿਆਂ ਤੋਂ ਜਾਣੂ ਹੈ ਅਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਕਾਫੀ ਖੁਸ਼ ਹੈ।


author

Tanu

Content Editor

Related News