ਜੰਮੂ-ਕਸ਼ਮੀਰ ਦੇ ਡੋਡਾ 'ਚ ਨੁਕਸਾਨੀ ਹੋਈ ਮਿਲੀ ਭਗਵਾਨ ਸ਼ਿਵ ਦੀ ਮੂਰਤੀ, FIR ਦਰਜ
Friday, Jul 15, 2022 - 06:36 PM (IST)
ਭਦਰਵਾਹ/ਜੰਮੂ, (ਭਾਸ਼ਾ) - ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਖੰਡਿਤ ਕਰਨ ਦੇ ਦੋਸ਼ ਵਿੱਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮਰਮਟ ਤਹਿਸੀਲ ਦੇ ਰਾਮ ਰਚਨਾ ਮੈਦਾਨ 'ਚ ਵਾਪਰੀ, ਜਿਸ ਨੂੰ 'ਛੋਟਾ ਮਨੀ-ਮਹੇਸ਼' ਵੀ ਕਿਹਾ ਜਾਂਦਾ ਹੈ। ਘਟਨਾ ਸਥਾਨ ਡੋਡਾ ਸ਼ਹਿਰ ਤੋਂ ਲਗਭਗ 90 ਕਿਲੋਮੀਟਰ ਦੂਰ ਹੈ।
ਪੁਲਸ ਨੇ ਕਿਹਾ ਕਿ ਸਥਾਨਕ ਲੋਕਾਂ ਅਤੇ ਇੱਕ ਪੁਜਾਰੀ ਨੂੰ ਨੁਕਸਾਨੀ ਹੋਈ ਮੂਰਤੀ ਮਿਲੀ ਜੋ 12,300 ਫੁੱਟ ਦੀ ਉਚਾਈ 'ਤੇ ਸਥਿਤ ਸੀ ਅਤੇ ਅੰਸ਼ਕ ਤੌਰ 'ਤੇ ਨੁਕਸਾਨੀ ਗਈ ਸੀ। ਡੋਡਾ ਦੇ ਸੀਨੀਅਰ ਪੁਲਸ ਕਪਤਾਨ (SSP) ਅਬਦੁਲ ਕਯੂਮ ਨੇ ਕਿਹਾ, "ਪੁਲਸ ਚੌਕੀ ਗੋਹਾ ਵਿਖੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ, ਅਸੀਂ ਤੁਰੰਤ ਭਾਰਤੀ ਦੰਡਾਵਲੀ ਦੀ ਧਾਰਾ 295 ਦੇ ਤਹਿਤ FIR ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।" ਉਨ੍ਹਾਂ ਕਿਹਾ, “ਗੋਹਾ ਪੁਲਸ ਨੇ ਮੰਦਰ ਕਮੇਟੀ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ। ਸਾਡੀ ਟੀਮ ਰਾਮ ਰਚਨਾ ਦੇ ਨੇੜੇ ਡੇਰਾ ਲਗਾ ਰਹੀ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : 19 ਹਜ਼ਾਰ ਫੁੱਟ 'ਤੇ ਸਥਿਤ ਹਨ ਸ਼੍ਰੀਖੰਡ ਮਹਾਦੇਵ, ਇਹ ਹੈ ਭਾਰਤ ਦੀ ਸਭ ਤੋਂ ਔਖੀ ਪੈਦਲ ਯਾਤਰਾ
ਰਾਮ ਰਚਨਾ ਮੈਦਾਨ ਸਾਲ ਦੇ ਛੇ ਮਹੀਨੇ ਬਰਫ਼ ਨਾਲ ਢੱਕਿਆ ਰਹਿੰਦਾ ਹੈ ਅਤੇ ਭਗਵਾਨ ਸ਼ਿਵ ਦੀ ਮੂਰਤੀ ਕੰਕਰੀਟ ਦੀ ਬਣੀ ਹੋਈ ਹੈ। ਹਰ ਸਾਲ, ਡੋਡਾ, ਊਧਮਪੁਰ, ਕਠੂਆ ਅਤੇ ਰਾਮਬਨ ਜ਼ਿਲ੍ਹਿਆਂ ਤੋਂ ਲਗਭਗ 20-25 ਹਜ਼ਾਰ ਲੋਕ ਬਰਫ਼ ਪਿਘਲਣ ਤੋਂ ਬਾਅਦ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਇਸ ਉੱਚਾਈ ਵਾਲੀ ਥਾਂ 'ਤੇ ਆਉਂਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੂਰਤੀ ਬਹੁਤ ਜ਼ਿਆਦਾ ਠੰਢ ਕਾਰਨ ਖਰਾਬ ਹੋ ਸਕਦੀ ਹੈ, ਕਿਉਂਕਿ ਇਹ ਕੰਕਰੀਟ ਦੀ ਬਣੀ ਹੋਈ ਸੀ ਅਤੇ ਖੁੱਲ੍ਹੇ ਵਿਚ ਪਈ ਸੀ। ਉਸਨੇ ਕਿਹਾ, “ਮੂਰਤੀ ਜ਼ੀਰੋ ਤਾਪਮਾਨ ਵਿੱਚ ਬਰਫ਼ ਵਿੱਚ ਰੱਖੀ ਹੋਈ ਹੁੰਦੀ ਹੈ। ਅਪ੍ਰੈਲ ਵਿੱਚ ਲਈ ਗਈ ਤਸਵੀਰ ਵੀ ਮੂਰਤੀ ਦੇ ਨੁਕਸਾਨ ਨੂੰ ਦਰਸਾਉਂਦੀ ਹੈ।" ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਮੂਰਤੀ ਦੀ ਨੁਕਸਾਨੇ ਜਾਣ ਦੇ ਸਬੰਧ ਵਿੱਚ FIR ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਏਅਰਪੋਰਟ ਤੋਂ ਟੋਰਾਂਟੋ-ਲੰਡਨ ਲਈ ਜਲਦ ਉਡਣਗੇ ਜਹਾਜ਼, ਘਰੇਲੂ ਫਲਾਈਟਾਂ ’ਚ ਵੀ ਹੋਵੇਗਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।