ਹਿਮਾਚਲ ’ਚ ਗੜਿਆਂ ਨਾਲ ਫਸਲਾਂ ਨੂੰ ਨੁਕਸਾਨ
Saturday, May 20, 2023 - 12:55 PM (IST)
ਚੰਬਾ/ਭੜੇਲਾ, (ਚੂਨੀ ਲਾਲ)- ਸਲੂਣੀ ਉਪਮੰਡਲ ਦੀ ਪਿਛਲਾ ਡਿਊਰ, ਡਿਊਰ, ਭੜੇਲਾ ਅਤੇ ਨਾਲ ਲੱਗਦੇ ਹੋਰ ਪਿੰਡਾਂ ’ਚ ਗੜੇ ਪਏ। ਇਸ ਨਾਲ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਸ਼ੁੱਕਰਵਾਰ ਸ਼ਾਮ ਦੇ ਸਮੇਂ ਮੌਸਮ ਦਾ ਮਿਜ਼ਾਜ ਵਿਗੜਿਆ ਅਤੇ ਹਲਕੇ ਮੀਂਹ ਦਾ ਸਿਲਸਿਲਾ ਸ਼ੁਰੂ ਹੋਇਆ।
ਇਸ ਤੋਂ ਬਾਅਦ ਖੇਤਰ ਦੇ ਕੁਝ ਹਿੱਸਿਆਂ ’ਚ ਗੜੇ ਪੈਣੇ ਸ਼ੁਰੂ ਹੋ ਗਏ ਅਤੇ ਜ਼ਮੀਨ ’ਤੇ ਚਿੱਟੀ ਚਾਦਰ ਵਿਛ ਗਈ। ਇਸ ਨਾਲ ਬੀਨਜ਼, ਮੱਕੀ, ਜੌਂ ਅਤੇ ਕਣਕ ਸਮੇਤ ਹੋਰ ਫਸਲਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਗੜੇਮਾਰੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪਿਛਲਾ ਡਿਊਰ ਪਿੰਡ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪੁੱਜਾ ਹੈ।
ਬੀਤੇ ਦਿਨੀਂ ਖੇਤਰ ’ਚ ਪਏ ਲਗਾਤਾਰ ਮੀਂਹ ਨਾਲ ਜਿੱਥੇ ਬੀਨਜ਼ ਦਾ ਬੀਜ ਖੇਤਾਂ ’ਚ ਪੁੰਗਰਨ ਤੋਂ ਪਹਿਲਾਂ ਹੀ ਸੜ ਗਿਆ ਸੀ ਤਾਂ ਉਥੇ ਹੀ ਸ਼ੁੱਕਰਵਾਰ ਸ਼ਾਮ ਭਾਰੀ ਗੜੇਮਾਰੀ ਹੋਣ ਨਾਲ ਫਸਲਾਂ ਨੂੰ ਹੋਏ ਨੁਕਸਾਨ ਕਾਰਨ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ।