ਹੁਰੀਅਤ ਦਾ ਗੱਲਬਾਤ ਲਈ ਰਾਜੀ ਹੋਣਾ ''ਦੇਰ ਆਏ ਦਰੁੱਸਤ ਆਏ'' : ਮਹਿਬੂਬਾ ਮੁਫਤੀ
Monday, Jun 24, 2019 - 04:50 PM (IST)

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਹੁਰੀਅਤ ਕਾਨਫਰੰਸ ਦੇ ਕਸ਼ਮੀਰ ਸਮੇਤ ਹੋਰ ਮੁੱਦਿਆਂ ਦੇ ਹੱਲ ਲਈ ਗੱਲਬਾਤ ਦੀ ਇੱਛਾ ਜਤਾਏ ਜਾਣ ਦਾ ਸਵਾਗਤ ਕੀਤਾ ਅਤੇ ਇਸ ਨੂੰ 'ਦੇਰ ਆਏ ਦਰੁੱਸਤ ਆਏ' ਕਰਾਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸ਼ਨੀਵਾਰ ਨੂੰ ਇਕ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਹੁਰੀਅਤ ਕਾਨਫਰੰਸ ਦੇ ਰੁਖ਼ ਵਿਚ ਨਰਮੀ ਆਈ ਹੈ ਅਤੇ ਗੱਲਬਾਤ ਲਈ ਉਸ ਦਾ ਰਾਜੀ ਹੋਣਾ ਉਤਸ਼ਾਹਤ ਵਾਲਾ ਸੰਕੇਤ ਹੈ। ਓਧਰ ਮਹਿਬੂਬਾ ਮੁਫਤੀ ਨੇ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਇਜ਼ ਉਮਰ ਫਾਰੂਖ ਦੇ ਕਸ਼ਮੀਰ ਸਮੇਤ ਸਾਰੇ ਮਸਲਿਆਂ ਦੇ ਹੱਲ ਲਈ ਕਸ਼ਮੀਰੀ ਨੇਤਾਵਾਂ, ਕੇਂਦਰ ਸਰਕਾਰ ਅਤੇ ਇਸਲਾਮਾਬਾਦ ਵਿਚਾਲੇ ਤਿੰਨ ਪੱਖੀ ਗੱਲਬਾਤ ਕੀਤੇ ਜਾਣ ਦੇ ਬਿਆਨ 'ਤੇ ਅੱਜ ਟਵੀਟ ਕੀਤਾ।
ਉਨ੍ਹਾਂ ਨੇ ਲਿਖਿਆ, ''ਦੇਰ ਆਏ ਦਰੁੱਸਤ ਆਏ। ਪੀ. ਡੀ. ਪੀ-ਭਾਜਪਾ ਗਠਜੋੜ ਦਾ ਮਕਸਦ ਕੇਂਦਰ ਸਰਕਾਰ ਅਤੇ ਸਾਰੇ ਪੱਖਕਾਰਾਂ ਵਿਚਾਲੇ ਗੱਲਬਾਤ ਸੀ। ਗੱਲਬਾਤ ਹੋਵੇ ਮੈਂ ਇਸ ਲਈ ਮੁੱਖ ਮੰਤਰੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਆਪਣੇ ਵਲੋਂ ਹਰਸੰਭਵ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਹੁਣ ਹੁਰੀਅਤ ਕਾਨਫਰੰਸ ਨੇ ਗੱਲਬਾਤ ਵਿਚ ਆਪਣੇ ਰੁਖ਼ ਵਿਚ ਨਰਮੀ ਲਿਆਂਦੀ ਹੈ।''