ਚੱਕਰਵਾਤ ‘ਤੌਕਤੇ’ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੋਦੀ ਕਰਨਗੇ ਬੈਠਕ

Saturday, May 15, 2021 - 12:13 PM (IST)

ਚੱਕਰਵਾਤ ‘ਤੌਕਤੇ’ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੋਦੀ ਕਰਨਗੇ ਬੈਠਕ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤ ਤੂਫ਼ਾਨ ‘ਤੌਕਤੇ’ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ਨੀਵਾਰ ਯਾਨੀ ਕਿ ਅੱਜ ਇਕ ਮਹੱਤਵਪੂਰਨ ਬੈਠਕ ਕਰਨਗੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਚੱਕਰਵਾਤ ਤੂਫਾਨ ’ਤੇ ਬੈਠਕ ਹੋਵੇਗੀ। ਉਨ੍ਹਾਂ ਮੁਤਾਬਕ ਇਸ ਬੈਠਕ ’ਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ. ਡੀ. ਐੱਮ. ਏ.) ਦੇ ਅਧਿਕਾਰੀਆਂ ਸਮੇਤ ਕੇਂਦਰ ਸਰਕਾਰ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਣਗੇ। ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਬ ਸਾਗਰ ’ਚ ਬਣੇ ਦਬਾਅ ਦੇ ਖੇਤਰ ਦੇ 17 ਮਈ ਨੂੰ ਬਹੁਤ ਭਿਆਨਕ ਚੱਕਰਵਾਤ ਤੂਫਾਨ ’ਚ ਤਬਦੀਲ ਹੋਣ ਅਤੇ ਇਕ ਦਿਨ ਬਾਅਦ ਗੁਜਰਾਤ ਦੇ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਤੂਫ਼ਾਨ ਨੂੰ ‘ਤੌਕਤੇ’ ਨਾਂ ਮਿਆਂਮਾਰ ਨੇ ਦਿੱਤਾ ਹੈ, ਜਿਸ ਦਾ ਮਤਲਬ ‘ਛਿਪਕਲੀ’ ਹੁੰਦਾ ਹੈ। ਇਸ ਸਾਲ ਭਾਰਤੀ ਤੱਟ ’ਤੇ ਇਹ ਪਹਿਲਾ ਚੱਕਰਵਾਤ ਤੂਫ਼ਾਨ ਹੈ।

ਮੌਸਮ ਸਥਿਤੀ ਡੂੰਘੇ ਦਬਾਅ ਦੇ ਖੇਤਰ ਵਿਚ ਤਬਦੀਲ ਹੋ ਗਈ ਹੈ ਅਤੇ ਇਸ ਦੇ ਸ਼ਨੀਵਾਰ ਸਵੇਰ ਤੱਕ ਚੱਕਰਵਾਤ ਤੂਫਾਨ ‘ਤੌਕਤੇ’ ’ਚ ਤਬਦੀਲ ਹੋਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਦੇ ਚੱਕਰਵਾਤ ਚਿਤਾਵਨੀ ਮਹਿਕਮੇ ਨੇ ਕਿਹਾ ਕਿ 16-19 ਮਈ ਦਰਮਿਆਨ ਪੂਰੀ ਸੰਭਾਵਨਾ ਹੈ ਕਿ ਇਹ 150-160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਇਕ ਬਹੁਤ ਭਿਆਨਕ ਚੱਕਰਵਾਤ ਤੂਫ਼ਾਨ ਵਿਚ ਤਬਦੀਲ ਹੋਵੇਗਾ। ਹਵਾਵਾਂ ਦੀ ਰਫ਼ਤਾਰ ਵਿਚ-ਵਿਚ 175 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਇਸ ਨੂੰ ਵੇਖਦਿਆਂ ਮੌਸਮ ਮਹਿਕਮੇ ਨੇ ਪੱਛਮੀ ਤੱਟੀ ਸੂਬੇ ਨੂੰ ਚੌਕਸ ਕੀਤਾ ਹੈ ਅਤੇ ਐੱਨ. ਡੀ. ਆਰ. ਐੱਫ. ਦੇ 53 ਦਲਾਂ ਨੂੰ ਰਾਹਤ ਅਤੇ ਬਚਾਅ ਕੰਮ ਲਈ ਲਾਇਆ ਹੈ। 


author

Tanu

Content Editor

Related News