ਚੱਕਰਵਾਤੀ ਤੂਫਾਨ 'ਨਿਸਰਗ' ਨੇ ਮਹਾਰਾਸ਼ਟਰ 'ਚ ਦਿੱਤੀ ਦਸਤਕ, ਮੁੰਬਈ 'ਚ ਭਾਰੀ ਬਾਰਿਸ਼

06/03/2020 3:11:25 PM

ਮੁੰਬਈ-ਚੱਕਰਵਾਤੀ ਤੂਫਾਨ ਨਿਸਰਗ ਅੱਜ ਭਾਵ ਬੁੱਧਵਾਰ ਨੂੰ ਮਹਾਰਾਸ਼ਟਰ 'ਚ ਰਾਏਗੜ੍ਹ ਜ਼ਿਲੇ ਦੇ ਅਲੀਬਾਗ ਦੇ ਕੋਲ ਜ਼ਮੀਨ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ) ਨੇ ਅੱਜ ਭਾਵ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਕਰਾਇਆ। ਆਈ.ਐੱਮ.ਡੀ ਨੇ ਇਕ ਬਿਆਨ 'ਚ ਕਿਹਾ ਹੈ, ਬੱਦਲ ਦਾ ਸੱਜਾ ਹਿੱਸਾ ਮਹਾਰਾਸ਼ਟਰ ਦੇ ਤੱਟੀ ਖੇਤਰ ਖਾਸ ਤੌਰ 'ਤੇ ਰਾਏਗੜ੍ਹ ਜ਼ਿਲੇ ਤੋਂ ਹੋ ਕੇ ਗੁਜ਼ਰ ਰਿਹਾ ਹੈ। ਇਹ ਆਉਣ ਵਾਲੇ 3 ਘੰਟਿਆਂ ਦੌਰਾਨ ਮੁੰਬਈ ਅਤੇ ਠਾਣੇ ਜ਼ਿਲ੍ਹਿਆਂ 'ਚ ਪਹੁੰਚੇਗਾ। ਚੱਕਰਵਾਤ ਦੇ ਪਹੁੰਚਣ ਦੀ ਪ੍ਰਕਿਰਿਆ ਦੁਪਹਿਰ ਲਗਭਗ ਸਾਢੇ 12 ਵਜੇ ਸ਼ੁਰੂ ਹੋ ਗਈ ਸੀ। ਮੁੰਬਈ ਦੇ ਜ਼ਿਆਦਾਤਰ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਰਹੀ ਹੈ। ਮੁੰਬਈ ਅਤੇ ਗੁਜਰਾਤ ਦੇ ਜ਼ਿਆਦਾਤਰ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਹੈ। 

ਆਈ.ਐੱਮ.ਡੀ ਮੁਤਾਬਕ ਚੱਕਰਵਾਤੀ ਤੂਫਾਨ ਦੇ ਕਾਰਨ ਅਗਲੇ 24 ਘੰਟਿਆਂ ਦੌਰਾਨ ਉੱਤਰੀ ਕੋਂਕਣ (ਮੁੰਬਈ, ਪਾਲਘਰ, ਠਾਣੇ, ਰਾਏਗੜ੍ਹ ਜ਼ਿਲ੍ਹਿਆਂ) 'ਚ ਅਤੇ ਉੱਤਰ ਮੱਧ ਮਹਾਰਾਸ਼ਟਰ ਦੇ ਜ਼ਿਆਦਾਤਰ ਸਥਾਨਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਦੱਖਣੀ ਕੋਂਕਣ (ਰਤਨਾਗਿਰੀ ਅਤੇ ਸਿੰਧੁਦੁਰਗਾ ਜ਼ਿਲਿਆਂ) ਅਤੇ ਗੋਆ, ਦੱਖਣੀ ਗੁਜਰਾਤ ਖੇਤਰ (ਵਲਸਾਡ, ਨਵਸਾਰੀ, ਡਾਂਗ,ਦਮਨ, ਦਾਦਰਾ ਅਤੇ ਨਗਰ ਹਵੇਲੀ ਅਤੇ ਸੂਰਤ ਜ਼ਿਲਿਆਂ) 'ਚ ਵੀ ਅਗਲੇ 24 ਘੰਟਿਆਂ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। 


Iqbalkaur

Content Editor

Related News