ਤੂਫਾਨ ''ਫਾਨੀ'' ਨੇ ਨਹੀਂ ਟੁੱਟਣ ਦਿੱਤਾ ਹੌਸਲਾ, ਓਡੀਸ਼ਾ ''ਚ 100 ਅਫਸਰ ਕਰ ਰਹੇ ਨੇ 20 ਘੰਟੇ ਕੰਮ
Monday, May 06, 2019 - 01:54 PM (IST)
ਭੁਵਨੇਸ਼ਵਰ— ਬੰਗਾਲ ਦੀ ਖਾੜੀ ਤੋਂ ਉੱਠਿਆ ਚੱਕਰਵਾਤੀ ਤੂਫਾਨ 'ਫਾਨੀ' ਓਡੀਸ਼ਾ 'ਚ 3 ਮਈ ਨੂੰ ਆਇਆ। ਮੌਸਮ ਵਿਭਾਗ ਵਲੋਂ ਇਸ ਤੂਫਾਨ ਦੇ ਆਉਣ ਨੂੰ ਲੈ ਕੇ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਇਹ ਓਡੀਸ਼ਾ ਦੇ ਤੱਟ ਨਾਲ ਟਕਰਾਏਗਾ। ਖਾਸ ਗੱਲ ਇਹ ਹੈ ਕਿ ਇਸ ਤੂਫਾਨ ਨੂੰ ਲੈ ਕੇ ਸੂਬਾ ਸਰਕਾਰ ਵੀ ਅਲਰਟ ਹੋ ਗਈ, ਜਿਸ ਕਾਰਨ ਤੂਫਾਨ ਤੋਂ ਬਚਾ ਲਈ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਫਾਨੀ 43 ਸਾਲਾਂ ਵਿਚ ਆਇਆ ਸਭ ਤੋਂ ਖਤਰਨਾਕ ਤੂਫਾਨ ਸੀ। ਸਾਲ 1999 'ਚ ਆਏ ਤੂਫਾਨ ਕਾਰਨ 15 ਹਜ਼ਾਰ ਲੋਕਾਂ ਦੀ ਜਾਨ ਚੱਲੀ ਗਈ ਸੀ। ਇਸ ਤੋਂ ਸਬਕ ਲੈਂਦਿਆਂ ਇਸ ਵਾਰ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਸਨ।
ਆਓ ਜਾਣਦੇ ਹਾਂ ਕਿਵੇਂ ਬਚਾਈਆਂ ਗਈਆਂ ਲੋਕਾਂ ਦੀਆਂ ਜਾਨਾਂ—
ਦਰਅਸਲ ਫਾਨੀ ਤੂਫਾਨ ਦੇ ਆਉਣ ਦੀ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਹੋਣ ਤੋਂ ਬਾਅਦ 27 ਅਪ੍ਰੈਲ ਨੂੰ ਹੀ ਵੱਖ-ਵੱਖ ਵਿਭਾਗਾਂ ਦੇ 20 ਅਫਸਰ ਭੁਵਨੇਸ਼ਵਰ ਪੁੱਜੇ। ਇੱਥੇ ਇਨ੍ਹਾਂ ਅਫਸਰਾਂ ਨੇ ਬੈਠਕ ਕੀਤੀ ਅਤੇ ਅੱਗੇ ਦੀ ਰਣਨੀਤੀ ਤਿਆਰ ਕੀਤੀ। ਅਗਲੇ ਕੁਝ ਘੰਟਿਆਂ ਵਿਚ 100 ਅਫਸਰਾਂ ਦੀ ਟੀਮ ਬਣ ਗਈ। ਕੁੱਲ ਮਿਲਾ ਕੇ ਸੀ. ਐੱਮ. ਓ, ਫਾਇਰ, ਪੁਲਸ, ਓਡੀਸ਼ਾ ਡਿਜਾਸਟਰ ਰੈਪਿਡ ਐਕਸ਼ਨ ਫੋਰਸ, ਫੂਡ ਸਪਲਾਈ ਵਿਭਾਗ ਅਤੇ ਕਲੈਕਟਰਾਂ ਨਾਲ ਤਾਲਮੇਲ ਸ਼ੁਰੂ ਹੋਇਆ। ਇਨ੍ਹਾਂ ਅਫਸਰਾਂ ਨੇ ਤੂਫਾਨ ਆਉਣ ਤੋਂ ਪਹਿਲਾਂ ਤਕਰੀਬਨ 1 ਕਰੋੜ 80 ਲੱਖ ਲੋਕਾਂ ਨੂੰ ਐੱਸ. ਐੱਮ. ਐੱਸ. ਭੇਜ ਕੇ ਅਲਰਟ ਕੀਤਾ। ਤੂਫਾਨ ਕਾਰਨ ਜ਼ਿਆਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ, ਇਸ ਲਈ ਵੱਡੀ ਗਿਣਤੀ ਵਿਚ ਸਵੈ-ਸੇਵੀ ਸੰਸਥਾਵਾਂ ਨੂੰ ਨਾਲ ਜੋੜ ਲਿਆ ਗਿਆ। ਸਮਾਜ ਸੇਵੀ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ।
20-20 ਘੰਟੇ ਕਰ ਰਹੇ ਨੇ ਕੰਮ—
27 ਅਪ੍ਰੈਲ ਦੇ ਦਿਨ ਤੋਂ ਇਹ ਅਫਸਰ ਨਹੀਂ ਰੁੱਕੇ ਅਤੇ ਅਜੇ ਵੀ ਪੂਰੀ ਜਦੋ-ਜਹਿੱਦ ਨਾਲ ਪ੍ਰਭਾਵਿਤ ਲੋਕਾਂ ਦੀਆਂ ਜ਼ਿੰਦਗੀਆਂ ਪਟੜੀ 'ਤੇ ਵਾਪਸ ਲਿਆਉਣ ਦਾ ਕੰਮ ਕਰ ਰਹੇ ਹਨ। ਇਹ ਲੋਕ ਲਗਾਤਾਰ 20-20 ਘੰਟੇ ਕੰਮ ਕਰ ਰਹੇ ਹਨ। ਲੋਕਾਂ ਤਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਤੂਫਾਨ ਤੋਂ ਬਾਅਦ ਅਫਸਰਾਂ ਨੂੰ ਖਬਰ ਮਿਲੀ ਕਿ ਉਨ੍ਹਾਂ ਦੇ ਘਰ ਟੁੱਟ ਗਏ ਹਨ ਪਰ ਫਿਰ ਵੀ ਉਹ ਆਪਣੇ ਘਰਾਂ ਵਿਚ ਹੋਏ ਨੁਕਸਾਨ ਨੂੰ ਦੇਖਣ ਨਹੀਂ ਗਏ ਹਨ ਅਤੇ ਡਟੇ ਹੋਏ ਹਨ। 12 ਲੱਖ ਲੋਕ ਸ਼ੈਲਟਰ 'ਚ ਰਹਿਣਗੇ, ਜਦੋਂ ਤਕ ਕਿ ਘਰ ਰਹਿਣ ਲਾਇਕ ਨਾ ਹੋ ਜਾਣ। ਰਾਹਤ ਕਰਮਚਾਰੀ ਇਨ੍ਹਾਂ ਲੋਕਾਂ ਨੂੰ ਬਕਾਇਦਾ ਨਾਸ਼ਤਾ, ਲੰਚ ਅਤੇ ਡਿਨਰ ਦੇ ਰਹੇ ਹਨ। ਅਜੇ ਤਕ ਇਹ ਮੁਲਾਂਕਣ ਨਹੀਂ ਹੋ ਸਕਿਆ ਕਿ ਕਿੰਨਾ ਨੁਕਸਾਨ ਹੋਇਆ ਹੈ। ਫਿਰ ਵੀ ਇਹ ਅਫਸਰ ਆਪਣੇ ਕੰਮ 'ਚ ਲੱਗੇ ਹੋਏ ਹਨ ਅਤੇ ਸਾਡੇ ਸਾਰਿਆਂ ਸਾਹਮਣੇ ਇਕ ਮਿਸਾਲ ਹਨ। ਬਿਨਾਂ ਸ਼ਿਕਾਇਤ ਦੇ ਆਪਣਾ ਕੰਮ ਬਾਖੂਬੀ ਕਰ ਰਹੇ ਹਨ।
