ਓਡੀਸ਼ਾ ਤੱਟ ਨੇੜੇ ਪਹੁੰਚਿਆ ਚੱਕਰਵਾਤੀ ਤੂਫ਼ਾਨ ''ਦਾਨਾ'', ਕਈ ਹਿੱਸਿਆਂ ''ਚ ਪਿਆ ਮੀਂਹ
Thursday, Oct 24, 2024 - 12:07 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ 'ਚ ਵੀਰਵਾਰ ਸਵੇਰੇ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਕਿਉਂਕਿ ਚੱਕਰਵਾਤੀ ਤੂਫ਼ਾਨ 'ਦਾਨਾ' ਸੂਬੇ ਦੇ ਤੱਟ ਅਤੇ ਗੁਆਂਢੀ ਸੂਬੇ ਓਡੀਸ਼ਾ ਦੇ ਨੇੜੇ ਆ ਗਿਆ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। IMD ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ 'ਦਾਨਾ' ਸ਼ੁੱਕਰਵਾਰ ਤੜਕੇ ਓਡੀਸ਼ਾ ਦੇ ਭੀਤਰਕਨਿਕਾ ਨੈਸ਼ਨਲ ਪਾਰਕ ਅਤੇ ਧਮਰਾ ਬੰਦਰਗਾਹ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
IMD ਨੇ ਬੁਲੇਟਿਨ ਵਿਚ ਕਿਹਾ ਕਿ ਚੱਕਰਵਾਤੀ ਤੂਫ਼ਾਨ 'ਦਾਨਾ' ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ 2.30 ਵਜੇ ਪਾਰਾਦੀਪ (ਓਡੀਸ਼ਾ) ਤੋਂ 280 ਕਿਲੋਮੀਟਰ ਦੱਖਣ-ਪੂਰਬ ਅਤੇ ਸਾਗਰ ਟਾਪੂ (ਪੱਛਮੀ ਬੰਗਾਲ) ਤੋਂ 370 ਕਿਲੋਮੀਟਰ ਦੱਖਣ-ਪੂਰਬ ਵਿਚ ਮੌਜੂਦ ਸੀ। ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਬੰਗਾਲ ਦੀ ਖਾੜੀ 'ਚ 90-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲ ਰਹੀਆਂ ਹਨ ਜੋ 110 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ।
ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ਵਿਚ ਵੀਰਵਾਰ ਸਵੇਰ ਤੋਂ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਕੋਲਕਾਤਾ ਵਿਚ ਰੁਕ-ਰੁਕ ਕੇ ਮੀਂਹ ਦੇ ਨਾਲ ਬੱਦਲ ਛਾਏ ਹੋਏ ਹਨ। IMD ਦੇ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉੱਤਰੀ ਅਤੇ ਦੱਖਣੀ 24 ਪਰਗਨਾ, ਪੂਰਬੀ ਅਤੇ ਪੱਛਮੀ ਮੇਦੀਨੀਪੁਰ, ਝਾਰਗ੍ਰਾਮ, ਕੋਲਕਾਤਾ, ਹਾਵੜਾ ਅਤੇ ਹੁਗਲੀ ਜ਼ਿਲ੍ਹਿਆਂ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਕੋਲਕਾਤਾ ਦੇ ਉਪਨਗਰਾਂ ਤੋਂ ਆਉਣ-ਜਾਣ ਵਾਲੀਆਂ ਜਨਤਕ ਆਵਾਜਾਈ ਸੇਵਾਵਾਂ ਸ਼ਾਮ ਨੂੰ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ ਪੂਰਬੀ ਅਤੇ ਦੱਖਣ ਪੂਰਬੀ ਰੇਲਵੇ ਨੇ ਚੱਕਰਵਾਤ ਦੇ ਮੱਦੇਨਜ਼ਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੱਡੀ ਗਿਣਤੀ ਵਿਚ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।