ਅਜੇ ਤਾਂ ਮੀਂਹ ਬਾਕੀ ਹੈ! IMD ਦੀ ਭਵਿੱਖਬਾਣੀ, ਅਗਸਤ ਤੇ ਸਤੰਬਰ ''ਚ ਜੰਮ ਕੇ ਪਵੇਗਾ ਮੀਂਹ
Thursday, Jul 31, 2025 - 08:09 PM (IST)

ਨਵੀਂ ਦਿੱਲੀ- ਗਰਮੀ ਅਤੇ ਹੁੰਮਸ ਭਰੇ ਮੌਸਮ ਤੋਂ ਰਾਹਤ ਪਾਉਣ ਲਈ ਹਰ ਕੋਈ ਵੱਧ ਤੋਂ ਵੱਧ ਮੀਂਹ ਪੈਣ ਦੀ ਉਮੀਦ ਲਗਾਈ ਬੈਠਾ ਹੈ ਅਤੇ ਇਹ ਉਮੀਦ ਜਲਦ ਹੀ ਪੂਰੀ ਹੋਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਕਿਹਾ ਹੈ ਕਿ ਇਸ ਸਾਲ ਅਗਸਤ ਤੇ ਸਤੰਬਰ 'ਚ ਦੇਸ਼ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਪ੍ਰਮੁੱਖ ਡਾ. ਮ੍ਰਿਤਉਨਜੈ ਮਹਾਪਾਤਰ ਮੁਤਾਬਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਅਗਸਤ ਵਿੱਚ ਸਾਧਾਰਨ ਤੇ ਸਤੰਬਰ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪੈ ਸਕਦਾ ਹੈ। ਹਾਲਾਂਕਿ ਪੂਰਬੀ-ਉੱਤਰੀ ਅਤੇ ਉਸਦੇ ਨੇੜਲੇ ਪੂਰਬੀ ਭਾਰਤ, ਮੱਧ ਭਾਰਤ ਦੇ ਕੁੱਝ ਹਿੱਸਿਆਂ ਅਤੇ ਦੱਖਣੀ-ਪਛਮੀ ਖੇਤਰਾਂ 'ਚ ਘੱਟ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
ਰਿਪੋਰਟਾਂ ਮੁਤਾਬਕ 1 ਜੂਨ ਤੋਂ 31 ਜੁਲਾਈ ਤਕ ਦੇਸ਼ 'ਚ 474.3 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ। ਜਦਕਿ ਇਸ ਸਮੇਂ ਦੌਰਾਨ ਆਮ ਮੀਂਹ 445.8 ਮਿ.ਮੀ. ਮੰਨਿਆ ਜਾਂਦਾ ਹੈ, ਮਤਲਬ ਇਹ ਕਿ ਹੁਣ ਤਕ ਦੇਸ਼ 'ਚ ਔਸਤਨ 6% ਜ਼ਿਆਦਾ ਮੀਂਹ ਪੈ ਚੁਕਿਆ ਹੈ। ਹਿਮਾਚਲ ਪ੍ਰਦੇਸ਼ ਜਿਹੇ ਦੇਸ਼ਾਂ 'ਚ ਭਾਰੀ ਮੀਂਹ ਅਤੇ ਅਚਾਨਕ ਹੜ੍ਹ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਅਗਲੇ ਦੋ ਹਫਤਿਆਂ 'ਚ ਮੀਂਹ ਥੋੜਾ ਘੱਟ ਸਕਦਾ ਹੈ ਪਰ ਇਹ 'ਬ੍ਰੇਕ ਮਾਨਸੂਨ' ਦੀ ਸਥਿਤੀ ਨਹੀਂ ਹੋਵੇਗੀ। ਪੂਰਬੀ-ਉੱਤਰੀ ਭਾਰਤ ਲਈ ਇਹ ਲਗਾਤਾਰ ਪੰਜਵਾਂ ਸਾਲ ਹੈ ਜਦੋਂ ਇੱਥੇ ਆਮ ਨਾਲੋਂ ਘੱਟ ਮੀਂਹ ਪਿਆ ਹੈ, ਪਿਛਲੇ 30 ਸਾਲਾਂ 'ਚ ਪੂਰਬੀ-ਉੱਤਰੀ ਇਲਾਕਿਆਂ 'ਚ ਮੀਂਹ 'ਚ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਵਿੱਖ 'ਚ ENSO ਨਿਊਟ੍ਰਲ ਸਥਿਤੀ ਬਣੀ ਹੋਈ ਹੈ ਅਤੇ ਅਕਤੂਬਰ ਤਕ ਇਹ ਹਾਲਾਤ ਬਣੇ ਰਹਿਣ ਦੀ ਉਮੀਦ ਹੈ।