ਸਾਬਕਾ DIG ਡੀ. ਕੇ. ਪਾਂਡਾ ਦੇ ਖਾਤੇ ’ਚੋਂ ਸਾਈਬਰ ਠੱਗਾਂ ਨੇ ਉਡਾਏ 4.32 ਲੱਖ ਰੁਪਏ
Friday, Sep 19, 2025 - 01:41 AM (IST)

ਪ੍ਰਯਾਗਰਾਜ (ਇੰਟ.)-‘ਦੂਸਰੀ ਰਾਧਾ’ ਦੇ ਨਾਂ ਨਾਲ ਮਸ਼ਹੂਰ ਸਾਬਕਾ ਡੀ. ਆਈ. ਜੀ. ਡੀ. ਕੇ. ਪਾਂਡਾ ਇਕ ਵਾਰ ਫਿਰ ਸਾਈਬਰ ਠੱਗਾਂ ਦੇ ਨਿਸ਼ਾਨੇ ’ਤੇ ਆ ਗਏ। ਵ੍ਹਟਸਐਪ ’ਤੇ ਭੇਜੇ ਗਏ ਲਿੰਕ ’ਤੇ ਕਲਿਕ ਕਰਨ ਤੋਂ ਬਾਅਦ ਉਨ੍ਹਾਂ ਦੇ ਯੂਕੋ ਬੈਂਕ ਖਾਤੇ ’ਚੋਂ 4.32 ਲੱਖ ਰੁਪਏ ਉਡਾ ਲਏ ਗਏ। ਘਟਨਾ 9 ਸਤੰਬਰ ਨੂੰ ਹੋਈ, ਜਦੋਂ ਪਾਂਡਾ ਇੰਡੀਅਨ ਬੈਂਕ ਦਾ ਟੋਲ-ਫਰੀ ਨੰਬਰ ਇੰਟਰਨੈੱਟ ’ਤੇ ਲੱਭ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ‘ਰਾਹੁਲ ਕੁਮਾਰ’ ਨਾਮੀ ਵਿਅਕਤੀ ਨੇ ਕਾਲ ਕਰ ਕੇ ਮਦਦ ਦਾ ਭਰੋਸਾ ਦਿੱਤਾ ਅਤੇ ਵ੍ਹਟਸਐਪ ’ਤੇ ਲਿੰਕ ਭੇਜ ਕੇ ਲੰਮੀ ਗੱਲਬਾਤ ’ਚ ਉਲਝਾਅ ਲਿਆ। ਕੁਝ ਹੀ ਘੰਟਿਆਂ ’ਚ 4 ਟਰਾਂਜ਼ੈਕਸ਼ਨਾਂ ਰਾਹੀਂ ਠੱਗਾਂ ਨੇ ਰਕਮ ਟਰਾਂਸਫਰ ਕਰ ਲਈ।
ਪਾਂਡਾ ਨੇ 10 ਸਤੰਬਰ ਨੂੰ ਸਾਈਬਰ ਕ੍ਰਾਈਮ ਸੈੱਲ ’ਚ ਸ਼ਿਕਾਇਤ ਦਿੱਤੀ ਪਰ ਐੱਫ. ਆਈ. ਆਰ. 15 ਸਤੰਬਰ ਨੂੰ ਧੂਮਨਗੰਜ ਥਾਣੇ ’ਚ ਦਰਜ ਕੀਤੀ ਗਈ। ਪੁਲਸ ਨੇ ਠੱਗ ਦੇ ਮੋਬਾਈਲ ਨੰਬਰ ਅਤੇ ਲਿੰਕਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਪਾਂਡਾ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਉਸ ਸਮੇਂ ਉਨ੍ਹਾਂ ਨੇ ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ ਕਰੋਡ਼ਾਂ ਰੁਪਏ ਦੇ ਲਾਭ ਦਾ ਦਾਅਵਾ ਕਰਦੇ ਹੋਏ 8 ਲੱਖ ਰੁਪਏ ਟੀ. ਡੀ. ਐੱਸ. ਦੇ ਨਾਂ ’ਤੇ ਠੱਗੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਧੂਮਨਗੰਜ ਥਾਣੇ ਦੇ ਇੰਚਾਰਜ ਅਮਰਨਾਥ ਰਾਏ ਨੇ ਦੱਸਿਆ ਕਿ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।