ਮਣੀਪੁਰ ’ਚ ਕੁਕੀ ਅੱਤਵਾਦੀਆਂ ਦਾ ਹਮਲਾ, ਸੀ. ਆਰ. ਪੀ. ਐੱਫ. ਦਾ ਜਵਾਨ ਸ਼ਹੀਦ, 3 ਹੋਰ ਜ਼ਖਮੀ
Monday, Jul 15, 2024 - 01:04 AM (IST)
ਇੰਫਾਲ, (ਅਨਸ)- ਮਣੀਪੁਰ ਦੇ ਜਿਰੀਬਾਮ ’ਚ ਐਤਵਾਰ ਸ਼ੱਕੀ ਕੁਕੀ ਅੱਤਵਾਦੀਆਂ ਦੇ ਹਮਲੇ ’ਚ ਸੀ. ਆਰ. ਪੀ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਸੀ. ਆਰ. ਪੀ. ਐੱਫ. ਦਾ ਇਕ ਤੇ ਮਣੀਪੁਰ ਪੁਲਸ ਦੇ 2 ਜਵਾਨ ਜ਼ਖਮੀ ਹੋ ਗਏ।
ਪੁਲਸ ਨੇ ਸ਼ਹੀਦ ਜਵਾਨ ਦੀ ਪਛਾਣ ਅਜੇ ਕੁਮਾਰ ਝਾਅ ਵਜੋਂ ਕੀਤੀ ਹੈ। ਜ਼ਖਮੀ ਜਵਾਨਾਂ ਨੂੰ ਜਿਰੀਬਾਮ ਦੇ ਹਸਪਤਾਲ ’ਚ ਦਾਖਲ ਕਰਵਾਇਅਾ ਗਿਆ ਹੈ।
ਸੇਜਾਂਗ ਕੁਕੀ ਪਿੰਡ ਦੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਐਤਵਾਰ ਸਵੇਰੇ ਵੱਡਾ ਹਮਲਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਮੇਤੇਈ ਪਿੰਡ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ।
ਪੁਲਸ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਦੇ ਸਿਰ ’ਤੇ ਉਸ ਵੇਲੇ ਗੋਲੀ ਮਾਰੀ ਗਈ, ਜਦੋਂ ਉਹ ਗੱਡੀ ਚਲਾ ਰਿਹਾ ਸੀ।
ਜਿਰੀਬਾਮ ਦੇ ਇਕ ਵਸਨੀਕ ਨੇ ਕਿਹਾ ਕਿ ਜਿਸ ਸਟੀਕਤਾ ਨਾਲ ਹਮਲੇ ਕੀਤੇ ਗਏ, ਉਸ ਤੋਂ ਪਤਾ ਲਗਦਾ ਹੈ ਕਿ ਅੱਤਵਾਦੀ ਆਧੁਨਿਕ ਹਥਿਆਰਾਂ ਦੀ ਵਰਤੋਂ ਕਰ ਰਹੇ ਸਨ।