ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ
Sunday, Aug 08, 2021 - 08:59 PM (IST)
ਗੁਹਾਟੀ- ਉੱਤਰ-ਪੂਰਬ ਦੇ ਦੋ ਸੂਬਿਆਂ ਆਸਾਮ ਤੇ ਮਿਜ਼ੋਰਮ ਦੀ ਹੱਦ ’ਤੇ ਸ਼ਨੀਵਾਰ ਰਾਤ ਦੇਰ ਗਏ ਇਕ ਵਾਰ ਮੁੜ ਹਿੰਸਾ ਹੋਈ। ਆਸਾਮ ਤੋਂ ਮਿਜ਼ੋਰਮ ਜਾ ਰਹੇ 9 ਟਰੱਕਾਂ ’ਤੇ 400 ਤੋਂ 500 ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਭੀੜ ਨੇ ਟਰੱਕਾਂ ਦੇ ਸ਼ੀਸ਼ੇ ਤੋੜ ਦਿੱਤੇ, ਡਰਾਈਵਰਾਂ ਨੂੰ ਕੁੱਟਿਆ ਅਤੇ ਕਈ ਘੰਟਿਆਂ ਤੱਕ ਉਥੇ ਉਥਲ-ਪੁਥਲ ਮਚਾਈ ਰੱਖੀ। ਡਰਾਈਵਰ ਭਾਰੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਭੱਜੇ।
ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ
ਮਿਲੀਆਂ ਖਬਰਾਂ ਮੁਤਾਬਕ ਸ਼ਨੀਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਦੇ ਲਗਭਗ ਆਕਸੀਜਨ ਕੰਸਨਟ੍ਰੇਟਰ, ਤੇਲ, ਗੈਸ ਅਤੇ ਹੋਰ ਜੀਵਨ ਰੱਖਿਅਕ ਸਾਮਾਨ ਲੈ ਕੇ 9 ਟਰੱਕ ਆਸਾਮ ਦੇ ਸਿਲਚਰ ਤੋਂ ਮਿਜ਼ੋਰਮ ਲਈ ਰਵਾਨਾ ਹੋਏ। ਇਨ੍ਹਾਂ ਟਰੱਕਾਂ ਦੀ ਸੁਰੱਖਿਆ ਲਈ ਆਸਾਮ ਪੁਲਸ ਦੇ ਜਵਾਨ ਦੋ ਮੋਟਰ ਗੱਡੀਆਂ ’ਚ ਸਵਾਰ ਸਨ। ਇਕ ਹੋਰ ਮੋਟਰ ਗੱਡੀ ’ਚ ਸੀ.ਆਰ.ਪੀ.ਐੱਫ ਦੇ ਜਵਾਨ ਮੌਜੂਦ ਸਨ। ਆਸਾਮ ਦੇ ਸਭ ਤੋਂ ਆਖਰੀ ਸ਼ਹਿਰ ਲੈਲਾਪੁਰ ਵਿਖੇ ਪਹੁੰਚਣ ’ਤੇ ਆਸਾਮ ਪੁਲਸ ਦੀਆਂ ਦੋਵੇਂ ਮੋਟਰ ਗੱਡੀਆਂ ਗਾਇਬ ਹੋ ਗਈਆਂ। ਸੀ.ਆਰ.ਪੀ.ਐੱਫ. ਦੀ ਮੋਟਰ ਗੱਡੀ ਵੀ ਲਾਪਤਾ ਹੋ ਗਈ।
ਇਸ ਦੌਰਾਨ 400 ਤੋਂ 500 ਦੇ ਲਗਭਗ ਲੋਕਾਂ ਨੇ ਟਰੱਕਾਂ ’ਤੇ ਹਮਲਾ ਕਰ ਦਿੱਤਾ। ਨੌ ਵਿਚੋਂ ਦੋ ਟਰੱਕਾਂ ਦੇ ਡਰਾਈਵਰ ਆਪਣੇ ਸਥਾਨਕ ਦੋਸਤਾਂ ਦੀ ਮਦਦ ਨਾਲ ਟਰੱਕ ਛੱਡ ਕੇ ਭੱਜ ਗਏ। ਬਾਕੀ ਦੇ ਡਰਾਈਵਰ ਉਥੇ ਹੀ ਫਸੇ ਰਹੇ। ਰਾਤ 8 ਵਜੇ ਦੇ ਲਗਭਗ ਆਸਾਮ ਪੁਲਸ ਦੇ ਹੋਰ ਜਵਾਨ ਮੌਕੇ ’ਤੇ ਪੁੱਜੇ ਅਤੇ ਭੀੜ ਨੂੰ ਭਜਾਇਆ। ਉਸ ਪਿੱਛੋਂ ਟਰੱਕ ਵਾਪਸ ਸਿਲਚਰ ਆ ਗਏ। ਰਾਤ 9 ਵਜੇ ਆਸਾਮ ਸਰਕਾਰ ਦੇ ਇਕ ਮੰਤਰੀ ਅਸ਼ੋਕ, ਕਛਾਰ ਦੇ ਐੱਸ.ਪੀ. ਅਤੇ ਡੀ.ਸੀ. ਲੈਲਾਪੁਰ ਪੁੱਜੇ। ਉਸ ਪਿੱਛੋਂ ਮੋਟਰ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।