ਗੋਲ਼ੀਆਂ ਦੇ ਖ਼ੌਫ਼ ਤੋਂ ਮਿਲੀ ਨਿਜ਼ਾਤ, ਸਾਂਬਾ-ਕਠੁਆ ਸਰਹੱਦ 'ਤੇ 22 ਸਾਲ ਮਗਰੋਂ ਲਿਖਿਆ ਗਿਆ ਨਵਾਂ ਅਧਿਆਏ

Tuesday, May 02, 2023 - 03:58 PM (IST)

ਗੋਲ਼ੀਆਂ ਦੇ ਖ਼ੌਫ਼ ਤੋਂ ਮਿਲੀ ਨਿਜ਼ਾਤ, ਸਾਂਬਾ-ਕਠੁਆ ਸਰਹੱਦ 'ਤੇ 22 ਸਾਲ ਮਗਰੋਂ ਲਿਖਿਆ ਗਿਆ ਨਵਾਂ ਅਧਿਆਏ

ਸਾਂਬਾ- ਜੰਮੂ ਕਸ਼ਮੀਰ 'ਚ ਸਾਂਬਾ-ਕਠੁਆ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ 'ਚ ਸਿਰਫ਼ ਗੋਲੀਆਂ ਅਤੇ ਧਮਾਕਿਆਂ ਦੀ ਆਵਾਜ਼ਾਂ ਹੀ ਸੁਣਾਈਆਂ ਦਿੰਦੀਆਂ ਸਨ, ਉੱਥੇ 22 ਸਾਲ ਬਾਅਦ ਕਣਕ ਦੀ ਫਸਲ ਦੀ ਕਟਾਈ ਹੋ ਰਹੀ ਹੈ। ਇੰਨੇ ਸਾਲਾਂ ਤੋਂ ਖ਼ਾਲੀ ਪਏ ਖੇਤਾਂ 'ਚ 2 ਸਾਲ ਪਹਿਲਾਂ ਹੋਈ ਜੰਗਬੰਦੀ ਤੋਂ ਬਾਅਦ ਕਿਸਾਨਾਂ ਨੇ ਹੱਲ ਚਲਾਏ। ਕਠੁਆ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਸੰਜੀਵ ਰਾਏ ਗੁਪਤਾ ਨੇ ਕਿਹਾ ਕਿ ਭਾਰਤ-ਪਾਕਿਸਤਾਨੀ ਅੰਤਰਰਾਸ਼ਟਰੀ ਸਰਹੱਦ ਦੇ ਕਰੀਬ ਜ਼ੀਰੋ ਲਾਈਨ 'ਤੇ 251 ਏਕੜ ਜ਼ਮੀਨ 'ਤੇ ਖੇਤੀ ਕੀਤੀ ਗਈ ਹੈ।

ਹੀਰਾਨਗਰ ਦੇ ਬੋਬੀਆ ਪਿੰਡ 'ਚ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਸੰਜੇ ਨੇ ਕਿਹਾ,''ਇੱਥੇ ਜ਼ਿਆਦਾਤਰ ਲੋਕ ਕਿਸਾਨ ਹਨ। ਜਦੋਂ ਗੋਲੀਬਾਰੀ ਹੁੰਦੀ ਸੀ ਤਾਂ ਅਸੀਂ ਲੋਕ ਨਾ ਖੇਤੀ ਕਰ ਸਕਦੇ ਸੀ ਅਤੇ ਨਾ ਹੀ ਪਸ਼ੂਆਂ ਨੂੰ ਚਰਾਉਣ ਜਾ ਸਕਦੇ ਸੀ। ਕਈ ਵਾਰ ਤਾਂ ਗੋਲੀਬਾਰੀ 'ਚ ਸਾਡੇ ਜਾਨਵਰ ਵੀ ਮਾਰੇ ਜਾਂਦੇ ਸਨ। ਜਦੋਂ ਗੋਲੀਬਾਰੀ ਹੁੰਦੀ ਸੀ, ਅਸੀਂ ਆਪਣੇ ਘਰਾਂ 'ਚ ਬੰਦ ਹੋ ਜਾਂਦੇ ਸੀ। ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਨਹੀਂ ਮਿਲ ਪਾਉਂਦੀਆਂ ਸਨ। ਜਦੋਂ ਕਦੇ ਗੋਲੀਬਾਰੀ ਕਈ-ਕਈ ਦਿਨਾਂ ਤੱਕ ਚੱਲਦੀ ਤਾਂ ਅਸੀਂ ਆਪਣੇ ਘਰ ਛੱਡ ਦਿੰਦੇ ਸੀ। ਕੁਝ ਥੋੜ੍ਹੇ ਜ਼ਰੂਰੀ ਸਾਮਾਨ ਲੈ ਕੇ ਪਰਿਵਾਰ ਨਾਲ ਸੁਰੱਖਿਅਤ ਥਾਵਾਂ 'ਤੇ ਜਾਣਾ ਪੈਂਦਾ ਸੀ। ਹਾਲਾਂਕਿ ਹੁਣ ਕੁਝ ਸਾਲ ਪਹਿਲਾਂ ਪਿੰਡ 'ਚ ਵੱਡੇ ਬੰਕਰ ਬਣਾਏ ਗਏ ਸਨ। ਸਾਡੇ ਘਰਾਂ ਕੋਲ ਵੀ ਛੋਟੇ ਬੰਕਰ ਬਣਾਏ ਗਏ। ਗੋਲੀਬਾਰੀ ਹੋਣ 'ਤੇ ਅਸੀਂ ਇਨ੍ਹਾਂ 'ਚ ਰਹਿਣ ਚਲੇ ਜਾਂਦੇ ਸੀ। ਜਦੋਂ ਤੋਂ ਗੋਲੀਬਾਰੀ ਰੁਕੀ ਹੈ ਤਾਂ ਲੋਕ ਵਿਕਾਸ ਦੇ ਸੁਫ਼ਨੇ ਵੀ ਦੇਖਣ ਲੱਗੇ ਸਨ। ਲੰਮੇ ਸਮੇਂ ਤੋਂ ਰੁਕੇ ਵਿਕਾਸ ਕੰਮ ਸ਼ੁਰੂ ਹੋਏ ਹਨ। ਨਵੀਆਂ ਸੜਕਾਂ ਬਣ ਰਹੀਆਂ ਹਨ। ਪੁਰਾਣੀਆਂ ਸੜਕਾਂ ਦਾ ਚੌੜੀਕਰਨ ਹੋ ਰਿਹਾ ਹੈ। ਹੀਰਾਨਗਰ ਕਸਬੇ 'ਚ ਰਾਸ਼ਟਰੀ ਪੱਧਰ ਦਾ ਸਟੇਡੀਅਮ ਲਗਭਗ ਤਿਆਰ ਹੋ ਗਿਆ ਹੈ।


author

DIsha

Content Editor

Related News