ਭਾਜਪਾ ਦੇ 30 ਫੀਸਦੀ ਵਿਧਾਇਕਾਂ ਨੂੰ ਟਿਕਟ ਨਾ ਦੇਣ ਦੀ ਯੋਜਨਾ ’ਤੇ ਸੰਕਟ

11/02/2022 12:02:48 PM

ਨਵੀਂ ਦਿੱਲੀ– ਆਪਣੇ ਘੱਟੋ-ਘੱਟ ਇਕ ਤਿਹਾਈ ਵਿਧਾਇਕਾਂ ਨੂੰ ਨਵੇਂ ਚਿਹਰਿਆਂ ਨਾਲ ਬਦਲਣ ਲਈ ਗੁਜਰਾਤ ਵਿਚ ਭਾਜਪਾ ਦਾ ਪ੍ਰਯੋਗ ਗੜਬੜਾ ਗਿਆ ਹੈ। ਪਾਰਟੀ ਵਿਧਾਨ ਸਭਾ ਚੋਣਾਂ ਵਿਚ ਘੱਟੋ-ਘੱਟ 30-40 ਫੀਸਦੀ ਨਵੇਂ ਚਿਹਰਿਆਂ ਨੂੰ ਖੜਾ ਕਰਨ ਦੀ ਆਪਣੀ ਰਣਨੀਤੀ ਨੂੰ ਲਾਗੂ ਕਰ ਰਹੀ ਹੈ ਅਤੇ ਇਸ ਨੇ ਭਰਪੂਰ ਫਾਇਦਾ ਦਿੱਤਾ ਹੈ ਪਰ ਹਿਮਾਚਲ ਵਿਚ ਉਸ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਥੇ 11 ਬਾਗੀ ਮੈਦਾਨ ਵਿਚ ਹਨ, ਜਿਨ੍ਹਾਂ ਨੂੰ ਟਿਕਟਾਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ।

ਭਾਜਪਾ ਵਲੋਂ ਕੀਤੇ ਗਏ 3 ਅੰਦਰੂਨੀ ਸਰਵੇਖਣਾਂ ਨੇ ਸਿਫਾਰਿਸ਼ ਕੀਤੀ ਕਿ ਗੁਜਰਾਤ ਵਿਚ ਘੱਟੋ-ਘੱਟ ਇਕ ਤਿਹਾਈ ਮੌਜੂਦ ਵਿਧਾਇਕਾਂ ਨੂੰ ਬਦਲਿਆ ਜਾਵੇ। ਪਾਰਟੀ ਨੇ ਪਿਛਲੇ ਸਾਲ ਮੁੱਖ ਮੰਤਰੀ ਵਿਜੇ ਰੁੂਪਾਨੀ ਸਮੇਤ ਸਾਰੇ ਮੰਤਰੀਆਂ ਨੂੰ ਹਟਾ ਦਿੱਤਾ ਸੀ। ਪਾਰਟੀ ਇਥੇ ਭੂਪਿੰਦਰ ਪਟੇਲ ਨੂੰ ਨਵੇਂ ਮੁੱਖ ਮੰਤਰੀ ਵਜੋਂ ਲੈ ਕੇ ਆਈ, ਜੋ ਪਾਟੀਦਾਰ ਭਾਈਚਾਰੇ ਨਾਲ ਸੰਬੰਧਤ ਹਨ, ਜਿਨ੍ਹਾਂ ਵੱਡੀ ਗਿਣਤੀ ਵਿਚ ਪਾਰਟੀ ਨੂੰ ਵੋਟਾਂ ਨਹੀਂ ਦਿੱਤੀਆਂ। ਸੂਬਾ ਭਾਜਪਾ ਮੁਖੀ ਸੀ. ਆਰ. ਪਾਟਿਲ ਘੱਟੋ-ਘੱਟ 30 ਨਵੇਂ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ’ਤੇ ਜ਼ੋਰ ਦੇ ਰਹੇ ਹਨ, ਜਿਥੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਾ ਫਰਕ 5000 ਵੋਟਾਂ ਨਾਲੋਂ ਘੱਟ ਰਿਹਾ ਸੀ।

ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਬਾਗੀ ਕੰਮ ਖਰਾਬ ਕਰ ਸਕਦੇ ਹਨ ਕਿਉਂਕਿ ਆਪ ਉਨ੍ਹਾਂ ਨੂੰ ਨਵਾਂ ਮੰਚ ਪ੍ਰਧਾਨ ਕਰ ਸਕਦੀ ਹੈ। ਭਾਜਪਾ ਦੇ ਕਈ ਬਾਗੀ ਕਾਂਗਰਸ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਹਨ ਅਤੇ ਆਪ ਨੂੰ ਪਸੰਦ ਕਰ ਸਕਦੇ ਹਨ। ਭਾਜਪਾ ਅਰਵਿੰਦ ਕੇਜਰੀਵਾਲ ਤੋਂ ਸਾਵਧਾਨ ਹੋ ਕੇ ਚੱਲ ਰਹੀ ਹੈ, ਜੋ ਆਪਣੇ ਮੁਫਤ ਤੋਹਫਿਆਂ ਅਤੇ ‘ਦਿੱਲੀ ਮਾਡਲ’ ਦੀ ਸਫਲਤਾ ਦੇ ਦਮ ’ਤੇ ਜਨਤਾ ਨੂੰ ਲੁਭਾ ਰਹੇ ਹਨ। ਕੇਜਰੀਵਾਲ ਦੀ ਹਿੰਦੂ ਦੇਵੀ-ਦੇਵਤਿਆਂ-ਲਕਸ਼ਮੀ ਅਤੇ ਗਣੇਸ਼ ਦੀ ਤਸਵੀਰ ਨੋਟਾਂ ’ਤੇ ਛਾਪਣ ਦੀ ਮੰਗ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੈ। ਭਾਜਪਾ ਨੇ 2017 ਵਿਚ 49 ਫੀਸਦੀ ਵੋਟਾਂ ਦੇ ਨਾਲ ਸਭ ਤੋਂ ਘੱਟ 99 ਸੀਟਾਂ ਦਾ ਅੰਕੜਾ ਛੂਹਿਆ ਸੀ। ਇਸ ਲਈ ਉਹ ਨਹੀਂ ਚਾਹੁੰਦੀ ਕਿ ਆਪ ਗੁਜਰਾਤ ਵਿਚ ਪੈਰ ਜਮਾਏ ਅਤੇ ਇਕ ਤਿਹਾਈ ਵਿਧਾਇਕਾਂ ਨੂੰ ਬਦਲਣ ਦੀ ਆਪਣੀ ਯੋਜਨਾ ’ਤੇ ਮੁੜ ਵਿਚਾਰ ਕਰ ਰਹੀ ਹੈ। ਮੋਰਬੀ ਪੁਲ ਡਿੱਗਣ ਨਾਲ ਭਾਜਪਾ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।


Rakesh

Content Editor

Related News