ਮਹਾ ਵਿਕਾਸ ਅਘਾੜੀ ’ਚ ਸੰਕਟ ਬਰਕਰਾਰ, ਮਹਾਰਾਸ਼ਟਰ ਸਰਕਾਰ ਨੂੰ ਕੋਈ ਖਤਰਾ ਨਹੀਂ
Saturday, Apr 22, 2023 - 11:05 AM (IST)
ਨਵੀਂ ਦਿੱਲੀ- ਰਾਕਾਂਪਾ ਨੇਤਾ ਅਤੇ ਲੋਕ ਸਭਾ ਦੀ ਸੰਸਦ ਮੈਂਬਰ ਸੁਪ੍ਰੀਆ ਸੂਲੇ ਦਾ ਬਿਆਨ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ 2 ਸਿਆਸੀ ਧਮਾਕਿਆਂ ਦੀ ਉਮੀਦ ਹੈ, ਇਕ ਦਿੱਲੀ ’ਚ ਅਤੇ ਦੂਜਾ ਮਹਾਰਾਸ਼ਟਰ ’ਚ, ਇਹ ਦਰਸਾਉਂਦਾ ਹੈ ਕਿ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ’ਚ ਸਿਆਸੀ ਸੰਕਟ ਖਤਮ ਨਹੀਂ ਹੋਇਆ ਹੈ।
ਜ਼ਾਹਿਰ ਹੈ ਕਿ ਉਹ ਦਿੱਲੀ ’ਚ ਸੰਭਾਵੀ ਧਮਾਕੇ ਦਾ ਜ਼ਿਕਰ ਕਰ ਰਹੀ ਸੀ, ਜੋ ਮਈ ਦੇ ਸ਼ੁਰੂ ’ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋ ਸਕਦਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਸੁਪਰੀਮ ਕੋਰਟ 2 ਮਹੱਤਵਪੂਰਨ ਕਾਨੂੰਨੀ ਬਿੰਦੂਆਂ ’ਤੇ ਫੈਸਲਾ ਕਰੇਗੀ ਕਿ ਕੀ ਸ਼ਿੰਦੇ ਦੀ ਅਗਵਾਈ ’ਚ ਸ਼ਿਵ ਸੈਨਾ ਦੇ ਅੰਦਰ ਬਗਾਵਤ ਸੰਵਿਧਾਨ ਦੀ 10ਵੀਂ ਅਨੂਸੂਚੀ ਦੇ ਤਹਿਤ ਦਲਬਦਲ ਦੇ ਘੇਰੇ ’ਚ ਆਉਂਦਾ ਹੈ ਅਤੇ ਕੀ ਸਦਨ ਦੇ ਸਪੀਕਰ ਮੈਂਬਰਾਂ ਨੂੰ ਅਯੋਗ ਐਲਾਨ ਸਕਦੇ ਹਨ, ਭਾਵੇਂ ਹੀ ਮੈਂਬਰਾਂ ਨੇ ਉਨ੍ਹਾਂ ਨੂੰ ਹਟਾਉਣ ਦਾ ਨੋਟਿਸ ਭੇਜਿਆ ਹੋਵੇ। ਸੁਪਰੀਮ ਕੋਰਟ ਦੇ 16 ਵਿਧਾਇਕਾਂ ਨੂੰ ਅਯੋਗ ਐਲਾਨਣ ਦੀ ਹਾਲਤ ’ਚ ਗਠਜੋੜ ਸਰਕਾਰ ਨੂੰ ਇਕ ਹੋਰ ਧਮਾਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤਤਕਾਲੀ ਬਾਗੀ ਨੇਤਾ ਏਕਨਾਥ ਸਿੰਦੇ ਵੀ ਇਸ ਗਰੁੱਪ ਦਾ ਹਿੱਸਾ ਸਨ, ਜਿਨ੍ਹਾਂ ਨੂੰ ਡਿਪਟੀ ਸਪੀਕਰ ਵੱਲੋਂ ਅਯੋਗਤਾ ਦਾ ਨੋਟਿਸ ਦਿੱਤਾ ਗਿਆ ਸੀ।
ਹਾਲਾਂਕਿ ਇਥੋਂ ਦੇ ਭਾਜਪਾ ਹਾਈ ਕਮਾਨ ਨੂੰ ਮਹਾਰਾਸ਼ਟਰ ’ਚ ਕੋਈ ਸਿਆਸੀ ਧਮਾਕਾ ਹੁੰਦਾ ਨਹੀਂ ਦਿਸ ਰਿਹਾ ਹੈ। ਉਸ ਨੂੰ ਭਰੋਸਾ ਹੈ ਕਿ ਜੇ 16 ਵਿਧਾਇਕ ਅਯੋਗ ਵੀ ਹੋ ਜਾਂਦੇ ਹਨ ਤਾਂ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਗਠਜੋੜ ਕੋਲ ਉਦੋਂ ਵੀ ਆਪਣੇ ਦਮ ’ਤੇ ਬਹੁਮਤ ਹੋਵੇਗਾ। ਮੌਜੂਦਾ ਸਮੇਂ ’ਚ 162 ਵਿਧਾਇਕ ਸਰਕਾਰ ਦੇ ਨਾਲ ਹਨ, ਜਿਨ੍ਹਾਂ ’ਚ ਛੋਟੀਆਂ ਪਾਰਟੀਆਂ ਦੇ 5 ਵਿਧਾਇਕ ਅਤੇ 12 ਆਜ਼ਾਦ ਤੋਂ ਇਲਾਵਾ ਭਾਜਪਾ (105) ਅਤੇ ਸ਼ਿੰਦੇ ਸੈਨਾ (40) ਸ਼ਾਮਲ ਹਨ। ਜੇ 16 ਵਿਧਾਇਕ ਅਯੋਗ ਹੋ ਜਾਂਦੇ ਹਨ ਤਾਂ ਵਿਧਾਨ ਸਭਾ ਦੀ ਤਾਕਤ 288 ਦੀ ਬਜਾਏ 262 ’ਤੇ ਆ ਜਾਵੇਗੀ। ਸਰਕਾਰ ਕੋਲ 146 ਵਿਧਾਇਕਾਂ ਦਾ ਸਮਰਥਨ ਬਚੇਗਾ, ਹਾਲਾਂਕਿ ਉਸ ਨੂੰ 132 ਵਿਧਾਇਕਾਂ ਦੇ ਜਾਦੂਈ ਅੰਕੜੇ ਦੀ ਹੀ ਲੋੜ ਹੋਵੇਗੀ।
ਭਾਜਪਾ ਲੀਡਰਸ਼ਿਪ ਹੋਰ ਪਾਰਟੀਆਂ ਦੇ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਹਾਸਲ ਕਰਨ ਦੇ ਵਿਚਾਰ ਦੇ ਵਿਰੁੱਧ ਨਹੀਂ ਹੈ ਪਰ ਸ਼ਿੰਦੇ ਨੂੰ ਅਯੋਗ ਠਹਿਰਾਏ ਜਾਣ ਦੀ ਹਾਲਤ ’ਚ ਨਵੀਂ ਸਰਕਾਰ ਦੀ ਕੀ ਰੂਪ-ਰੇਖਾ ਹੋਵੇਗੀ, ਇਹ ਅਜੇ ਵੀ ਸੰਭਾਵਨਾਵਾਂ ਦੇ ਘੇਰੇ ’ਚ ਹੈ।