7ਵੇਂ ਪੜਾਅ ’ਚ 199 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ
Thursday, May 23, 2024 - 01:46 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਚੋਣ ਲੜ ਰਹੇ 904 ਉਮੀਦਵਾਰਾਂ ’ਚੋਂ 199 (22 ਫੀਸਦੀ) ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਜਦਕਿ 151 (17 ਫੀਸਦੀ) ਉਮੀਦਵਾਰਾਂ ਖਿਲਾਫ ਗੰਭੀਰ ਅਪਰਾਧ ਦੇ ਮਾਮਲੇ ਦਰਜ ਹਨ। ਇਸ ਪੜਾਅ ’ਚ 4 ਅਜਿਹੇ ਉਮੀਦਵਾਰ ਵੀ ਚੋਣ ਮੈਦਾਨ ’ਚ ਹਨ, ਜਿਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਹੈ, ਜਦਕਿ 13 ਉਮੀਦਵਾਰਾਂ ਖ਼ਿਲਾਫ਼ ਔਰਤਾਂ ਖ਼ਿਲਾਫ਼ ਜੁਰਮ ਕਰਨ ਦੇ ਕੇਸ ਦਰਜ ਹਨ ਅਤੇ 25 ਉਮੀਦਵਾਰ ਨਫ਼ਰਤੀ ਭਾਸ਼ਣ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਵੱਲੋਂ ਨਾਮਜ਼ਦਗੀ ਦੇ ਸਮੇਂ ਉਮੀਦਵਾਰਾਂ ਵੱਲੋਂ ਦਿੱਤੇ ਗਏ ਹਲਫਨਾਮੇ ਦੇ ਆਧਾਰ ’ਤੇ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਸੱਤਵੇਂ ਪੜਾਅ ਦੇ 299 ਉਮੀਦਵਾਰ (33 ਫੀਸਦੀ) ਕਰੋੜਪਤੀ ਹਨ, ਜਦਕਿ ਉਮੀਦਵਾਰਾਂ ਦੀ ਔਸਤ ਜਾਇਦਾਦ 3.27 ਕਰੋੜ ਰੁਪਏ ਹੈ।
111 ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਰੁਪਏ ਤੋਂ ਵੱਧ
ਇਸ ਪੜਾਅ ਦੇ 228 (25.2 ਫੀਸਦੀ) ਉਮੀਦਵਾਰਾਂ ਕੋਲ 10 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਹੈ, ਜਦਕਿ 257 (28.4 ਫੀਸਦੀ) ਉਮੀਦਵਾਰਾਂ ਕੋਲ 10 ਤੋਂ ਲੈ ਕੇ 50 ਲੱਖ ਰੁਪਏ, 224 (24.8 ਫੀਸਦੀ) ਉਮੀਦਵਾਰਾਂ ਦੀ ਜਾਇਦਾਦ 50 ਲੱਖ ਤੋਂ 2 ਕਰੋੜ ਰੁਪਏ, 84 ਉਮੀਦਵਾਰਾਂ (9.3 ਫੀਸਦੀ) ਦੀ ਜਾਇਦਾਦ 2 ਤੋਂ 5 ਕਰੋੜ ਰੁਪਏ ਅਤੇ 111 (12.3 ਫੀਸਦੀ) ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਰੁਪਏ ਤੋਂ ਵੱਧ ਹੈ।
ਹਰਸਿਮਰਤ ਕੌਰ ਬਾਦਲ ਸੱਤਵੇਂ ਪੜਾਅ ਦੀ ਸਭ ਤੋਂ ਅਮੀਰ ਉਮੀਦਵਾਰ
ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ 198 ਕਰੋੜ ਰੁਪਏ ਦੀ ਜਾਇਦਾਦ ਨਾਲ ਸੱਤਵੇਂ ਪੜਾਅ ਵਿਚ ਸਭ ਤੋਂ ਅਮੀਰ ਉਮੀਦਵਾਰ ਹੈ, ਜਦਕਿ ਦੂਸਰੇ ਨੰਬਰ ’ਤੇ ਓਡਿਸ਼ਾ ਦੀ ਕੇਂਦਰਪਾੜਾ ਸੀਟ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਬੈਜੰਤ ਪਾਂਡਾ ਹਨ। ਉਨ੍ਹਾਂ ਦੀ ਜਾਇਦਾਦ 148 ਕਰੋੜ ਰੁਪਏ ਹੈ। ਇਸ ਸੂਚੀ ਵਿਚ ਤੀਜਾ ਸਥਾਨ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦਾ ਹੈ, ਜਿਨ੍ਹਾਂ ਨੇ ਆਪਣੀ ਜਾਇਦਾਦ 111 ਕਰੋੜ ਰੁਪਏ ਦੱਸੀ ਹੈ।
ਸੱਤਵੇਂ ਪੜਾਅ ’ਚ 904 ਉਮੀਦਵਾਰ ਮੈਦਾਨ ’ਚ
ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿਚ ਕੁੱਲ 904 ਉਮੀਦਵਾਰ ਮੈਦਾਨ ਵਿਚ ਹਨ। ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਪੜਾਅ ’ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਸਭ ਤੋਂ ਵੱਧ 328 ਉਮੀਦਵਾਰ ਮੈਦਾਨ ’ਚ ਹਨ, ਜਦਕਿ ਉੱਤਰ ਪ੍ਰਦੇਸ਼ ਦੀਆਂ 13 ਸੀਟਾਂ ’ਤੇ 144, ਬਿਹਾਰ ਦੀਆਂ 8 ਸੀਟਾਂ ’ਤੇ 134 , ਪੱਛਮੀ ਬੰਗਾਲ ਦੀਆਂ 9 ਸੀਟਾਂ ’ਤੇ 124, ਓਡਿਸ਼ਾ ਦੀਆਂ 6 ਸੀਟਾਂ ’ਤੇ 66, ਝਾਰਖੰਡ ਦੀਆਂ 3 ਸੀਟਾਂ ’ਤੇ 52, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ’ਤੇ 37 ਅਤੇ ਚੰਡੀਗੜ੍ਹ ਦੀ 1 ਸੀਟ ’ਤੇ 19 ਉਮੀਦਵਾਰ ਮੈਦਾਨ ’ਚ ਹਨ। ਇਸ ਗੇੜ ਲਈ ਕੁੱਲ 2105 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਅਤੇ ਇਨ੍ਹਾਂ ਵਿਚੋਂ 954 ਨਾਮਜ਼ਦਗੀਆਂ ਪੜਤਾਲ ਉਪਰੰਤ ਸਹੀ ਪਾਈਆਂ ਗਈਆਂ। ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਕੁੱਲ 904 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ।