ਓਮੀਕ੍ਰੋਨ ਦੇ ਸਬ-ਵੈਰੀਐਂਟ ਦਾ ਖ਼ਤਰਾ; ਸਿਰਫ 5 ਫ਼ੀਸਦੀ ਨੇ ਹੀ ਲਗਵਾਈ ਕੋਰੋਨਾ ਦੀ ਬੂਸਟਰ ਡੋਜ਼
Saturday, Jul 09, 2022 - 12:38 PM (IST)
ਨਵੀਂ ਦਿੱਲੀ– ਦੇਸ਼ ਭਰ ’ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਲੱਗੇ ਹਨ। ਇਸ ਲਈ ਲੋਕਾਂ ਨੂੰ ਚੌਕਸ ਹੋਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਟੀਕਾਕਰਨ ਵੀ ਜ਼ਰੂਰੀ ਹੈ। ਓਮੀਕ੍ਰੋਨ ਦੇ ਨਵੇਂ ਸਬ-ਵੈਰੀਐਂਟ BA.2.75 ਦੀ ਦਸਤਕ ’ਤੇ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਚਿੰਤਾ ਇਸ ਲਈ ਵਧ ਹੈ ਕਿਉਂਕਿ ਦੇਸ਼ ’ਚ ਹੁਣ ਤੱਕ ਸਿਰਫ 4.8 ਕਰੋੜ (5.11%) ਲੋਕਾਂ ਨੇ ਹੀ ਬੂਸਟਰ ਡੋਜ਼ ਲਗਵਾਈ ਹੈ। ਜਦਕਿ 63.19 ਕਰੋੜ ਲੋਕਾਂ ਨੂੰ ਦੂਜੀ ਡੋਜ਼ ਲਗਵਾਏ 6 ਮਹੀਨੇ ਹੋ ਚੁੱਕੇ ਹਨ।
ਦਰਅਸਲ ਮਾਹਰਾਂ ਦਾ ਕਹਿਣਾ ਹੈ ਕਿ ਕਈ ਲੋਕਾਂ ’ਚ ਵੈਕਸੀਨ ਲੱਗਣ ਦੇ 6 ਮਹੀਨੇ ਬਾਅਦ ਇਮਊਨਿਟੀ (ਪ੍ਰਤੀਰੋਧਕ ਸ਼ਕਤੀ) ਘੱਟਣ ਲੱਗਦੀ ਹੈ। ਬੂਸਟਰ ਡੋਜ਼ ਲਗਵਾਉਣ ਵਾਲੇ 4.8 ਕਰੋੜ ਲੋਕਾਂ ’ਚੋਂ 4.17 ਕਰੋੜ ਲੋਕ 60 ਸਾਲ ਤੋਂ ਵੱਧ ਉਮਰ ਵਾਲੇ ਅਤੇ ਹੈਲਥ ਵਰਕਰ ਤੇ ਫਰੰਟਲਾਈਨ ਵਰਕਰ ਹਨ। ਕੋਵਿਡ-19 ਵਰਕਿੰਗ ਗਰੁੱਪ ’ਤੇ ਬਣੀ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਊਨਾਈਜੇਸ਼ਨ ਦੇ ਚੇਅਰਮੈਨ ਡਾ. ਨਰਿੰਦਰ ਅਰੋੜਾ ਕਿਹਾ ਕਿ ਓਮੀਕ੍ਰੋਨ ਦਾ ਸਬ-ਵੈਰੀਐਂਟ ਇਹ ਫਲੂ ਵਾਂਗ ਫੈਲਿਆ ਹੋਇਆ ਹੈ। BA.2.75 ਸਬ-ਵੈਰੀਐਂਟ ਹੋਵੇ ਜਾਂ ਹੋਰ ਵੈਰੀਐਂਟ ਇਹ ਸਭ ਆਉਂਦਾ ਰਹੇਗਾ। ਇਸ ਤੋਂ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਪਰ ਹਾਂ, ਬੂਸਟਰ ਡੋਜ਼ ਲਗਵਾਉਣਾ ਅਤੇ ਸਾਵਧਾਨੀ ਅਜੇ ਵੀ ਜ਼ਰੂਰੀ ਹੈ।
ਬੂਸਟਰ ਡੋਜ਼ ਲਗਵਾਉਣ ’ਚ ਦਿੱਲੀ ਅੱਗੇ, ਝਾਰਖੰਡ ਅਤੇ ਪੰਜਾਬ ਪਿੱਛੇ-
ਬੂਸਟਰ ਡੋਜ਼ ਲਗਵਾਉਣ ’ਚ ਦਿੱਲੀ ਅੱਗੇ, ਝਾਰਖੰਡ ਅਤੇ ਪੰਜਾਬ ਪਿੱਛੇ ਹਨ। ਦਿੱਲੀ ਤੋਂ ਬਾਅਦ ਗੁਜਰਾਤ, ਹਿਮਾਚਲ, ਹਰਿਆਣਾ, ਬਿਹਾਰ, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਫਿਰ ਪੰਜਾਬ ਅਤੇ ਝਾਰਖੰਡ ਦਾ ਨੰਬਰ ਹੈ।