ਕੋਰੋਨਾ ਵਾਇਰਸ ਮਰੀਜ਼ ਨੇ ਹਸਪਤਾਲ ''ਚ ਗਲਾ ਵੱਢ ਕੇ ਕੀਤੀ ਖੁਦਕੁਸ਼ੀ
Saturday, Apr 11, 2020 - 02:08 PM (IST)

ਅਕੋਲਾ (ਭਾਸ਼ਾ)— ਮਹਾਰਾਸ਼ਟਰ ਦੇ ਅਕੋਲਾ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ 'ਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਸ਼ਖਸ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਆਈਸੋਲੇਸ਼ਨ ਵਿਚ ਸੀ। ਉਸ ਨੇ ਆਈਸੋਲੇਸ਼ਨ ਵਾਰਡ ਦੇ ਬਾਥਰੂਮ ਅੰਦਰ ਬਲੇਡ ਨਾਲ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਸਾਮ ਦੇ ਨਗਾਂਵ ਜ਼ਿਲੇ ਦੇ ਇਸ ਪ੍ਰਵਾਸੀ ਮਜ਼ਦੂਰ ਨੂੰ 7 ਅਪ੍ਰੈਲ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ। ਉਹ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ।
ਅਧਿਕਾਰੀ ਮੁਤਾਬਕ ਸ਼ਖਸ ਨੇ ਸਵੇਰੇ ਕਰੀਬ 5 ਵਜੇ ਆਪਣਾ ਗਲਾ ਵੱਢ ਲਿਆ ਅਤੇ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਨੂੰ ਬਾਥਰੂਮ ਦੇ ਫਰਸ਼ 'ਤੇ ਡਿੱਗੇ ਦੇਖਿਆ। ਪੀੜਤ ਸ਼ਖਸ ਨੇ ਇਲਾਜ ਦੌਰਾਨ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਦੱਸਿਆ ਕਿ ਅਕੋਲਾ 'ਚ ਸ਼ੁੱਕਰਵਾਰ ਨੂੰ 3 ਹੋਰ ਲੋਕ ਵਾਇਰਸ ਤੋਂ ਪੀੜਤ ਪਾਏ ਗਏ ਅਤੇ ਮ੍ਰਿਤਕ ਉਨ੍ਹਾਂ 'ਚੋਂ ਇਕ ਸੀ। ਸ਼ਹਿਰ ਕੋਤਵਾਲੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤਕ ਅਕੋਲਾ ਜ਼ਿਲੇ ਵਿਚ 13 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ।