ਕੋਰੋਨਾ ਪਾਜ਼ੀਟਿਵ ਮਹਿਲਾ ਮਰੀਜ਼ ਨੇ ਬੱਚੇ ਨੂੰ ਦਿੱਤਾ ਜਨਮ, ਦੋਹਾਂ ਦੀ ਹਾਲਤ ਸਥਿਰ

Wednesday, Apr 22, 2020 - 03:50 PM (IST)

ਕੋਰੋਨਾ ਪਾਜ਼ੀਟਿਵ ਮਹਿਲਾ ਮਰੀਜ਼ ਨੇ ਬੱਚੇ ਨੂੰ ਦਿੱਤਾ ਜਨਮ, ਦੋਹਾਂ ਦੀ ਹਾਲਤ ਸਥਿਰ

ਹਾਵੜਾ (ਭਾਸ਼ਾ)— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਆਫਤ ਦਰਮਿਆਨ ਗਰਭਵਤੀ ਔਰਤਾਂ ਲਈ ਖਤਰਾ ਜ਼ਿਆਦਾ ਹੈ। ਡਿਲੀਵਰੀ ਦੌਰਾਨ ਜ਼ਰਾ ਜਿੰਨੀ ਵੀ ਚੂਕ ਔਰਤ ਅਤੇ ਬੱਚੇ ਲਈ ਭਾਰੀ ਪੈ ਸਕਦੀ ਹੈ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਇਕ ਮਹਿਲਾ ਮਰੀਜ਼ ਨੇ ਇਕ ਬੱਚੇ ਨੂੰ ਜਨਮ ਦਿੱਤਾ ਅਤੇ ਜੱਚਾ-ਬੱਚਾ ਦੋਹਾਂ ਦੀ ਹਾਲਤ ਸਥਿਰ ਹੈ। ਹਸਪਤਾਲ ਦੇ ਡਾਇਰੈਕਟਰ ਸ਼ੁਭਾਸ਼ੀਸ਼ ਮਿੱਤਰਾ ਨੇ ਬੁੱਧਵਾਰ ਨੂੰ ਕਿਹਾ ਕਿ ਗਰਭਵਤੀ ਔਰਤ ਨੂੰ 13 ਅਪ੍ਰੈਲ ਨੂੰ ਫੁਲੇਸ਼ਵਰ ਖੇਤਰ ਦੇ ਸੰਜੀਵਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ 'ਚ ਖਤਰਨਾਕ ਕੋਰੋਨਾ ਵਾਇਰਸ ਪਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਹਾਵੜਾ ਸ਼ਹਿਰ ਦੀ ਰਹਿਣ ਵਾਲੀ ਔਰਤ ਨੇ ਸੋਮਵਾਰ ਦੀ ਰਾਤ 8 ਵਜੇ ਦੇ ਕਰੀਬ ਬੱਚੇ ਨੂੰ ਜਨਮ ਦਿੱਤਾ। ਮਿੱਤਰਾ ਨੇ ਕਿਹਾ ਕਿ ਡਿਲੀਵਰੀ ਵਿਚ ਕੋਈ ਸਮੱਸਿਆ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਬੱਚੇ ਦਾ ਵਜ਼ਨ 2.7 ਕਿਲੋਗ੍ਰਾਮ ਹੈ। ਮਾਂ ਅਤੇ ਬੱਚਾ ਦੋਹਾਂ ਦੀ ਹਾਲਤ ਸਥਿਰ ਹੈ। ਕੋਰੋਨਾ ਵਾਇਰਸ ਫੈਲਣ ਕਾਰਨ ਔਰਤ ਦੇ ਰਿਸ਼ਤੇਦਾਰ ਉਸ ਕੋਲ ਨਹੀਂ ਆ ਸਕਦੇ ਸਨ। ਅਜਿਹੇ ਵਿਚ ਉਸ ਨੇ ਆਪਣੇ ਪਤੀ ਨਾਲ ਵੀਡੀਓ ਕਾਲ ਜ਼ਰੀਏ ਗੱਲ ਕੀਤੀ।

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਚ 400 ਤੋਂ ਵਧੇਰੇ ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਸ 'ਚੋਂ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 70 ਦੇ ਕਰੀਬ ਲੋਕ ਠੀਕ ਹੋਏ ਹਨ।  ਭਾਰਤ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 19,984 ਹੋ ਗਈ ਹੈ, ਜਦਕਿ 640 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News