ਕੋਰੋਨਾ ਦੀਆਂ ਕੁਝ ਪਾਬੰਦੀਆਂ ਵਿਚਾਲੇ ਹੋਵੇਗਾ ਕੌਮਾਂਤਰੀ ਕੁੱਲੂ ਦੁਸਹਿਰਾ ਉਤਸਵ

09/21/2021 6:33:07 PM

ਕੁੱਲੂ— ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕੁੱਲੂ ਦੁਸਹਿਰਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਦੁਸਹਿਰੇ ’ਚ ਜ਼ਿਲ੍ਹੇ ਦੇ ਸਾਰੇ ਹਿੱਸਿਆਂ ਤੋਂ ਦੇਵੀ-ਦੇਵਤਿਆਂ ਦੇ ਹਿੱਸਾ ਲੈਣ ਅਤੇ ਹਫ਼ਤੇ ਭਰ ਇਤਿਹਾਸਕ ਢਾਲਪੁਰ ਮੈਦਾਨ ’ਚ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਬਣਿਆ ਰਹੇਗਾ। ਇਹ ਗੱਲ ਸਿੱਖਿਆ, ਕਲਾ ਅਤੇ ਸੱਭਿਆਚਾਰ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਮੰਗਲਵਾਰ ਨੂੰ ਕੁੱਲੂ ਦੇ ਜ਼ਿਲ੍ਹਾ ਪਰੀਸ਼ਦ ਆਡੀਟੋਰੀਅਮ ’ਚ ਕੌਮਾਂਤਰੀ ਤਿਉਹਾਰ ਦੁਸਹਿਰਾ ਉਤਸਵ ਦੇ ਆਯੋਜਨ ਨੂੰ ਲੈ ਕੇ ਬੁਲਾਈ ਗਈ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਆਖੀ।

ਗੋਵਿੰਦ ਨੇ ਕਿਹਾ ਕਿ ਦੁਸਹਿਰਾ ਉਤਸਵ ਦਾ ਆਯੋਜਨ ਕੀਤਾ ਜਾਵੇਗਾ ਪਰ ਕੋਵਿਡ-19 ਦਰਮਿਆਨ ਇਸ ਦਾ ਰੂਪ ਕਿਹੋ ਜਿਹਾ ਰਹੇਗਾ, ਇਸ ’ਤੇ ਅਜੇ ਹੋਰ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਤਸਵ ਦੇ ਆਯੋਜਨ ਦੇ ਸਬੰਧ ’ਚ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਸ਼ਿਮਲਾ ’ਚ ਛੇਤੀ ਹੀ ਬੈਠਕ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਲੂ ਜ਼ਿਲ੍ਹਾ ਦੇਵ ਆਸਥਾ ਦਾ ਵੱਡਾ ਕੇਂਦਰ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਗੋਵਿੰਦ ਠਾਕੁਰ ਨੇ ਕਿਹਾ ਕਿ ਦੇਵਤਿਆਂ ਦੇ ਮਹਾ-ਸਮਾਗਮ ਤੋਂ ਇਲਾਵਾ ਬਹੁਤ ਜ਼ਿਆਦਾ ਗਤੀਵਿਧੀਆਂ ਆਯੋਜਿਤ ਕਰਨਾ ਸੰਭਵ ਨਹੀਂ ਹੈ ਕਿਉਂਕਿ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਸ਼ੰਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ‘ਜਾਨ ਹੈ ਤਾਂ ਜਹਾਨ ਹੈ’ ਅਤੇ ਬੱਚਿਆਂ ’ਤੇ ਕੋਰੋਨਾ ਮਹਾਮਾਰੀ ਦਾ ਕਿਸੇ ਤਰ੍ਹਾਂ ਦਾ ਸੰਕਟ ਨਾ ਆਵੇ, ਇਸ ਲਈ ਜ਼ਰੂਰੀ ਹੈ ਕਿ ਇਤਿਹਾਸਕ ਢਾਲਪੁਰ ਮੈਦਾਨ ’ਚ ਸਮਾਜਿਕ ਦੂਰੀ ਅਤੇ ਹੋਰ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।


Tanu

Content Editor

Related News