21 ਦਿਨ ਦੇ ਲਾਕ ਡਾਊਨ ''ਚ ਜਾਣੋ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

Wednesday, Mar 25, 2020 - 11:41 AM (IST)

21 ਦਿਨ ਦੇ ਲਾਕ ਡਾਊਨ ''ਚ ਜਾਣੋ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਦੇਸ਼ ਨੂੰ 21 ਦਿਨਾਂ ਲਈ ਲਾਕ ਡਾਊਨ ਕੀਤਾ ਜਾ ਰਿਹਾ ਹੈ। ਇਸ ਖਤਰਨਾਕ ਵਾਇਰਸ ਵਿਰੁੱਧ ਸਭ ਤੋਂ ਅਹਿਮ ਹਥਿਆਰ ਸਮਾਜਿਕ ਦੂਰੀ ਨੂੰ ਸਖਤ ਤਰੀਕੇ ਨਾਲ ਲਾਗੂ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਅਜਿਹੇ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ 21 ਦਿਨਾਂ ਦੌਰਾਨ ਕਿਹੜੀਆਂ ਸੇਵਾਵਾਂ ਚਾਲੂ ਰਹਿਣਗੀਆਂ ਅਤੇ ਕੀ ਬੰਦ ਰਹੇਗਾ।

ਕੀ ਰਹੇਗਾ ਖੁੱਲ੍ਹਿਆ—
21 ਦਿਨ ਦੇਸ਼ ਪੂਰੀ ਤਰ੍ਹਾਂ ਬੰਦ ਹੈ, ਹਸਪਤਾਲ, ਡਿਸਪੈਂਸਰੀ, ਕਲੀਨਿਕ, ਨਰਸਿੰਗ ਹੋਮ ਖੁੱਲ੍ਹੇ ਰਹਿਣਗੇ। ਪ੍ਰਾਈਵੇਟ ਗੱਡੀਆਂ ਦੇ ਸੰਚਾਲਨ ਦੀ ਇਜਾਜ਼ਤ ਵੀ ਬੇਹੱਦ ਜ਼ਰੂਰੀ ਹਾਲਾਤ 'ਚ ਹੋਵੇਗੀ। ਲੋਕਾਂ ਨੂੰ ਸਿਰਫ ਜ਼ਰੂਰਤ ਲਈ ਰਾਸ਼ਨ, ਦਵਾਈਆਂ, ਦੁੱਧ ਅਤੇ ਸਬਜ਼ੀਆਂ ਖਰੀਦਣ ਜਾਣ ਲਈ ਇਜਾਜ਼ਤ ਹੋਵੇਗੀ, ਉਹ ਵੀ ਸਮਾਜਿਕ ਦੂਰੀ ਬਣਾ ਕੇ। ਇਨ੍ਹਾਂ ਨੂੰ ਕੁਝ ਹੀ ਸਮਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਿਨ੍ਹਾਂ ਦਫਤਰਾਂ ਵਿਚ ਕੰਮ ਹੋਵੇਗਾ, ਉੱਥੇ ਬਚਾਅ ਦੇ ਕਦਮ ਜ਼ਰੂਰੀ ਹਨ। ਜ਼ਿਆਦਾਤਰ ਦਫਤਰਾਂ ਨੂੰ ਘਰਾਂ ਤੋਂ ਕੰਮ ਕਰਨ ਦਾ ਨਿਰਦੇਸ਼ ਹੈ। ਦਵਾਈਆਂ, ਮੈਡੀਕਲ ਉਪਕਰਣ ਦੀ ਈ-ਕਾਮਰਸ ਜ਼ਰੀਏ ਡਿਲਵਰੀ ਜਾਰੀ ਰਹੇਗੀ। ਐਂਬੂਲੈਂਸ ਸੇਵਾ ਵੀ ਜਾਰੀ ਰਹੇਗੀ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਮੈਡੀਕਲ ਕਰਮਚਾਰੀਆਂ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹਸਪਤਾਲ ਦੇ ਸਟਾਫ ਨੂੰ ਟ੍ਰੈਵਲ ਦੀ ਇਜਾਜ਼ਤ ਹੋਵੇਗੀ। 
ਬੈਂਕ, ਬੀਮਾ ਦਫਤਰ, ਏ. ਟੀ. ਐੱਮ. ਖੁੱਲ੍ਹੇ ਰਹਿਣਗੇ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਕੰਮ ਕਰਦੀ ਰਹੇਗੀ। ਇੰਟਰਨੈੱਟ ਸੇਵਾਵਾਂ, ਬਰਾਂਡਕਾਸਟਿੰਗ ਅਤੇ ਕੇਬਲ, ਆਈ. ਟੀ. ਸੇਵਾਵਾਂ 'ਚ ਕੰਮ ਹੁੰਦਾ ਰਹੇਗਾ ਪਰ ਜਿੰਨਾ ਹੋ ਸਕੇ ਵਰਕ ਫਾਰਮ ਹੋਮ ਕਰਨਾ ਹੋਵੇਗਾ। 

ਕੀ ਹੈ ਪੂਰੀ ਤਰ੍ਹਾਂ ਬੰਦ—
ਸਾਰੀਆਂ ਫੈਕਟਰੀਆਂ, ਵਰਕਸ਼ਾਪ, ਸਰਕਾਰੀ ਅਤੇ ਨਿੱਜੀ ਦਫਤਰ, ਗੋਦਾਮ, ਹਫਤੇ 'ਚ ਲੱਗਣ ਵਾਲੀ ਮਾਰਕੀਟ ਬੰਦ ਰਹੇਗੀ। ਇਸ ਤੋਂ ਇਲਾਵਾ ਸਾਰੇ ਤਰੀਕੇ ਦੇ ਜਨਤਕ ਟਰਾਂਸਪੋਰਟ ਬੰਦ ਹੋਣਗੇ। ਬੱਸ ਜਾਂ ਟਰੇਨ ਸੇਵਾਵਾਂ ਨਹੀਂ ਚੱਲਣਗੀਆਂ। ਕਮਰਸ਼ਲ ਅਤੇ ਪ੍ਰਾਈਵੇਟ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਨਤਕ ਥਾਵਾਂ ਜਿਵੇਂ ਮਾਲ, ਜਿਮ, ਸਪਾ, ਸਪੋਰਟਸ ਕਲੱਬ ਬੰਦ ਰਹਿਣਗੇ। ਸਾਰੇ ਰੈਸਟੋਰੈਂਟ, ਦੁਕਾਨਾਂ ਬੰਦ ਰਹਿਣਗੀਆਂ। ਸਿੱਖਿਆ ਸੰਸਥਾਵਾਂ, ਟ੍ਰੇਨਿੰਗ, ਰਿਸਰਚ, ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਧਾਰਮਿਕ ਅਤੇ ਪੂਜਾ ਵਾਲੀਆਂ ਥਾਵਾਂ ਬੰਦ ਰਹਿਣਗੇ। ਕਿਸੇ ਵੀ ਧਾਰਮਿਕ ਆਯੋਜਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਅੰਤਮ ਸੰਸਕਾਰ ਦੀ ਸਥਿਤੀ 'ਚ 20 ਤੋਂ ਵਧ ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਕਿੱਥੇ-ਕਿੱਥੇ ਹੁੰਦਾ ਰਹੇਗਾ ਕੰਮ—
ਰੱਖਿਆ, ਕੇਂਦਰੀ ਹਥਿਆਰਬੰਦ ਪੁਲਸ ਫੋਰਸ, ਖਜ਼ਾਨਾ, ਬਿਜਲੀ ਉਤਪਾਦਨ, ਆਫਤ ਪ੍ਰਬੰਧਨ ਅਤੇ ਸੰਚਾਰ ਇਕਾਈ, ਡਾਕਘਰ, ਨੈਸ਼ਨਲ ਇਨਫੌਰਮੈਟਿਕਸ ਸੈਂਟਰ, ਪੂਰਵ ਅਨੁਮਾਨ ਏਜੰਸੀਆਂ ਖੁੱਲ੍ਹੀਆਂ ਰਹਿਣਗੀਆਂ। ਪੁਲਸ, ਹੋਮ ਗਾਰਡ, ਸਿਵਿਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ, ਜੇਲ, ਜ਼ਿਲਾ ਪ੍ਰਸ਼ਾਸਨ 'ਚ ਕੰਮ ਹੁੰਦਾ ਰਹੇਗਾ। 


author

Tanu

Content Editor

Related News