‘ਕੋਰੋਨਾ’ ਕਾਰਨ ਚਿੰਤਾਜਨਕ ਬਣੇ ਹਾਲਾਤ, ਇਕ ਦਿਨ ’ਚ ਆਏ 61 ਹਜ਼ਾਰ ਤੋਂ ਵਧੇਰੇ ਨਵੇਂ ਕੇਸ
Saturday, Aug 08, 2020 - 12:14 PM (IST)
ਨਵੀਂ ਦਿੱਲੀ (ਵਾਰਤਾ)— ਦੇਸ਼ ਵਿਚ ਕੋਰੋਨਾ ਵਾਇਰਸ ਦੀ ਦਿਨੋਂ-ਦਿਨ ਵਿਗੜਦੀ ਸਥਿਤੀ ਦਰਮਿਆਨ ਲਗਾਤਾਰ ਦੂਜੇ ਦਿਨ 61 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 20.89 ਲੱਖ ਹੋ ਗਈ ਹੈ ਅਤੇ 933 ਲੋਕਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਗਿਣਤੀ 42,518 ’ਤੇ ਪਹੁੰਚ ਗਈ ਹਐ। ਸਿਹਤਯਾਬ ਹੋਣ ਵਾਲਿਆਂ ਦੀ ਦਰ ’ਚ ਲਗਾਤਾਰ ਹੋ ਰਹੇ ਵਾਧੇ ਦੇ ਬਾਵਜੂਦ ਵਾਇਰਸ ਦੇ ਨਵੇਂ ਮਾਮਲੇ ਵੱਧਣ ਨਾਲ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਸਰਗਰਮ ਕੇਸਾਂ ’ਚ 11,704 ਦਾ ਵਾਧਾ ਹੋਇਆ ਹੈ, ਜਿਸ ਨਾਲ ਸਰਗਰਮ ਕੇਸਾਂ ਦੀ ਗਿਣਤੀ 6,19,088 ਹੋ ਗਈ ਹੈ।
ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 48,900 ਲੋਕ ਸਿਹਤਯਾਬ ਹੋਣ ਨਾਲ ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ 14,27,006 ਲੱਖ ’ਤੇ ਪਹੁੰਚ ਗਈ ਹੈ। ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਵਾਇਰਸ ਦੇ 61,537 ਮਾਮਲੇ ਆਉਣ ਨਾਲ ਇਨ੍ਹਾਂ ਦੀ ਗਿਣਤੀ 20,88,612 ਹੋ ਗਈ ਹੈ। ਸ਼ੁੱਕਰਵਾਰ ਯਾਨੀ ਕਿ ਕੱਲ੍ਹ 62,538 ਕੇਸ ਸਾਹਮਣੇ ਆਏ ਸਨ। ਮੰਤਰਾਲਾ ਮੁਤਾਬਕ ਸਿਹਤਯਾਬ ਹੋਣ ਵਾਲਿਆਂ ਦੀ ਦਰ 68.32 ਫੀਸਦੀ ’ਤੇ ਪਹੁੰਚ ਗਈ ਹੈ ਅਤੇ ਮੌਤ ਦਰ 2.04 ਫੀਸਦੀ ਹੈ।
ਕੋਰੋਨਾ ਦੇ ਵਿਗੜਦੇ ਹਾਲਾਤ ਦਰਮਿਆਨ ਕੋਰੋਨਾ ਦੇ ਨਮੂਨਿਆਂ ਦੀ ਜਾਂਚ ’ਚ ਵੀ ਤੇਜ਼ੀ ਆਈ ਹੈ। ਹੁਣ ਤੱਕ 2,33,87,171 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 7 ਅਗਸਤ 2020 ਨੂੰ 5,98,778 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ।