...ਤਾਂ ਇਸ ਵਜ੍ਹਾ ਨਾਲ ਦਿੱਲੀ 'ਚ ਵੱਧ ਰਹੇ ਕੋਰੋਨਾ ਦੇ ਕੇਸ

Monday, Aug 31, 2020 - 04:42 PM (IST)

...ਤਾਂ ਇਸ ਵਜ੍ਹਾ ਨਾਲ ਦਿੱਲੀ 'ਚ ਵੱਧ ਰਹੇ ਕੋਰੋਨਾ ਦੇ ਕੇਸ

ਨਵੀਂ ਦਿੱਲੀ— ਦਿੱਲੀ 'ਚ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਇਸ ਨੂੰ ਲੈ ਕੇ ਡਾਕਟਰੀ ਮਾਹਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਕੇਸ ਵੱਧਣ ਦੀ ਇਕ ਵਜ੍ਹਾ ਕਾਫੀ ਲੋਕਾਂ ਵਲੋਂ ਮਾਸਕ ਨਾ ਪਹਿਨਿਆ ਜਾਣਾ ਅਤੇ ਸਮਾਜਿਕ ਦੂਰੀ ਦਾ ਉਲੰਘਣ ਕਰਨਾ ਵੀ ਹੈ। ਮਸ਼ਹੂਰ ਹਸਪਤਾਲਾਂ ਦੇ ਡਾਕਟਰਾਂ ਤੋਂ ਲੈ ਕੇ ਦੇਸ਼ ਭਰ ਦੀਆਂ ਜਾਂਚ ਪ੍ਰਯੋਗਸ਼ਲਾਵਾਂ ਦੇ ਅਧਿਕਾਰੀਆਂ ਤੱਕ ਸਾਰਿਆਂ ਦਾ ਮੰਨਣਾ ਹੈ ਕਿ ਜਨਤਾ ਅਤੇ ਖ਼ਾਸ ਕਰ ਕੇ ਨੌਜਵਾਨਾਂ ਦੀ ਸੋਚ 'ਚ ਬਦਲਾਅ ਆਇਆ ਹੈ ਅਤੇ ਉਨ੍ਹਾਂ ਨੂੰ ਲੱਗਣ ਲੱਗਾ ਹੈ ਕਿ ਤਾਲਾਬੰਦੀ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਸਭ ਕੁਝ ਆਮ ਹੋ ਗਿਆ ਹੈ। 

PunjabKesari

ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਇਰੈਕਟਰ ਬੀ. ਐੱਲ. ਸ਼ੇਰਵਾਲ ਨੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਜ਼ਿਆਦਾਤਰ ਨੌਜਵਾਨਾਂ ਨੇ ਘੁੰਮਣਾ-ਫਿਰਨਾ, ਕੈਫੇ ਜਾਂ ਰੈਸਟੋਰੈਂਟਾਂ ਵਿਚ ਬੈਠ ਕੇ ਖਿੱਚੀਆਂ ਗਈਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਖ਼ਤਰਨਾਕ ਰੁਝਾਨ ਹੈ। ਸ਼ੇਰਵਾਲ ਨੇ ਕਿਹਾ ਕਿ ਇਸ ਤੋਂ ਲੋਕਾਂ ਦਰਮਿਆਨ ਗਲਤ ਸੰਦੇਸ਼ ਜਾਂਦਾ ਹੈ ਕਿ ਹਾਲਾਤ ਹੁਣ ਆਮ ਹੋ ਗਏ ਹਨ। ਅਰਥਵਿਵਸਥਾ ਹੌਲੀ-ਹੌਲੀ ਖੁੱਲ੍ਹ ਰਹੀ ਹੈ। ਡਾਕਟਰ ਸ਼ੇਰਵਾਲ ਮੁਤਾਬਕ ਵੱਡੀ ਗਿਣਤੀ ਵਿਚ ਘਰ 'ਚੋਂ ਬਾਹਰ ਜਾ ਰਹੇ ਲੋਕ ਜਾਂ ਤਾਂ ਮਾਸਕ ਨਹੀਂ ਲਾ ਰਹੇ ਜਾਂ ਫਿਰ ਉਨ੍ਹਾਂ ਦਾ ਮਾਸਕ ਠੋਡੀ 'ਤੇ ਲਟਕਿਆ ਰਹਿੰਦਾ ਹੈ। ਇਸ ਨਾਲ ਅਚਾਨਕ ਵਾਇਰਸ ਫੈਲ ਸਕਦਾ ਹੈ ਅਤੇ ਬੀਤੇ ਕੁਝ ਦਿਨਾਂ ਵਿਚ ਵਾਇਰਸ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧੇ ਦੀ ਇਕ ਵਜ੍ਹਾ ਇਹ ਵੀ ਹੈ। ਲੋਕਾਂ ਨੂੰ ਆਪਣੀ ਸੁਰੱਖਿਆ ਨਾਲ ਖ਼ਿਲਵਾੜ ਨਹੀਂ ਕਰਨਾ ਚਾਹੀਦਾ। 

ਦੱਸਣਯੋਗ ਹੈ ਕਿ ਦਿੱਲੀ ਵਿਚ ਐਤਵਾਰ ਨੂੰ ਅਗਸਤ ਵਿਚ ਸਭ ਤੋਂ ਵੱਧ 2,024 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 1.73 ਲੱਖ ਹੋ ਗਈ ਹੈ, ਜਦਕਿ 22 ਰੋਗੀਆਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਤਾਦਾਦ 4,426 ਤੱਕ ਪਹੁੰਚ ਗਈ ਹੈ। ਓਧਰ ਅਪੋਲੋ ਹਸਪਤਾਲ ਦੇ ਸੀਨੀਅਰ ਸਲਾਹਕਾਰ ਸੁਰਨਜੀਤ ਚੈਟਰਜੀ ਨੇ ਕਿਹਾ ਕਿ ਅਰਥਵਿਵਸਥਾ ਦੇ ਖੁੱਲ੍ਹਣ ਨਾਲ ਲੋਕ ਇਕ-ਦੂਜੇ ਦੇ ਸੰਪਕਰ ਵਿਚ ਆਏ ਹਨ, ਜਿਸ ਨਾਲ ਵਾਇਰਸ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਲੋਕਾਂ ਦੇ ਇਕ ਵਰਗ ਵਿਚ ਇਹ ਸੋਚ ਬਣ ਗਈ ਹੈ ਕਿ ਹੁਣ ਸਭ ਕੁਝ ਠੀਕ ਹੈ। ਅਰਥਵਿਵਸਥਆ ਨੂੰ ਅਣਮਿੱਥੇ ਸਮੇਂ ਲਈ ਬੰਦ ਤਾਂ ਨਹੀਂ ਰੱਖਿਆ ਜਾ ਸਕਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕ ਹੁਣ ਅਣਗਹਿਲੀ ਵਧਣ।


author

Tanu

Content Editor

Related News